ਪਰਮਜੀਤ ਸਿੰਘ
ਫਾਜ਼ਿਲਕਾ, 10 ਨਵੰਬਰ
ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਮਾਰਟ ਪਿੰਡ ਬੋਧੀ ਵਾਲਾ ਪੀਥਾ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੀਤਾ। ਇਸ ਮੌਕੇ ਪੰਜਾਬ ਸਰਕਾਰ ਦੀ ਪਾਲਸੀ ਅਨੁਸਾਰ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਂਟ ਦੇਣ ਸਬੰਧੀ ਸਰਟੀਫਿਕੇਟ ਵੀ ਵੰਡੇ ਗਏ। ਇਸ ਮੌਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਅਤੇ ਇਸ ਲਈ ਸਮਾਰਟ ਵਿਲੇਜ ਸਕੀਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬੋਧੀਵਾਲਾ ਪੀਥਾ ਦੀ ਪੰਚਾਇਤ ਨੇ ਸਰਕਾਰ ਦੀਆਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਕੇ ਪਿੰਡ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਹੈ, ਜਿਸ ਲਈ ਪੰਚਾਇਤ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ।
ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਪਿੰਡ ਨੂੰ ਸਮਾਰਟ ਵਿਲੇਜ ਸਕੀਮ ਦੇ ਪਹਿਲੇ ਫੇਜ਼ ਵਿਚ 16.73 ਲੱਖ ਦੀ ਗ੍ਰਾਂਟ ਦਿੱਤੀ ਗਈ ਸੀ ਅਤੇ ਹੁਣ ਇਸੇ ਸਕੀਮ ਦੇ ਦੂਜੇ ਫੇਜ਼ ਵਿਚ 44.99 ਲੱਖ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ, ਜਿਸ ਨਾਲ ਪਿੰਡ ਦੇ ਬਕਾਇਆ ਪਏ ਵਿਕਾਸ ਕੰਮਾਂ ਨੂੰ ਵੀ ਨੇਪਰੇ ਚਾੜ੍ਹਿਆ ਜਾਵੇਗਾ। ਪੰਚਾਇਤ ਵੱਲੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਕੋਚ ਵੀ ਰੱਖਿਆ ਗਿਆ ਹੈ। ਪਿੰਡ ਦੀਆਂ 23 ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ। ਪਿੰਡ ਵਿਚ 28 ਮਕਾਨਾਂ ਵਿਚੋਂ 23 ਦਾ ਨਿਰਮਾਣ ਪੂਰਾ ਹੋ ਗਿਆ ਹੈ ਅਤੇ 5 ਨਿਰਮਾਣ ਅਧੀਨ ਹਨ ਜਦਕਿ 100 ਮਕਾਨ ਹੋਰ ਬਣਾਏ ਜਾਣੇ ਪ੍ਰਸਤਾਵਿਤ ਹਨ। ਇਸੇ ਤਰ੍ਹਾਂ ਮਗਨਰੇਗਾ ਭਵਨ ਵੀ ਪਿੰਡ ਦੇ ਵਿਕਾਸ ਦੀ ਗਾਥਾ ਕਹਿੰਦਾ ਹੈ। ਇਸ ਸਾਲ ਮਗਨਰੇਗਾ ਤਹਿਤ 1 ਕਰੋੜ 8 ਲੱਖ ਰੁਪਏ ਖਰਚ ਕਰਨ ਦੀ ਯੋਜਨਾ ਪੰਚਾਇਤ ਨੇ ਬਣਾਈ ਹੈ।ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਸੁੱਖਾ ਸਿੰਘ ਵਾਈਸ ਚੇਅਰਮੈਨ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਤੇ ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ ਸਣੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।