ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 19 ਮਾਰਚ
ਹਲਕਾ ਮਲੋਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਡਾ. ਬਲਜੀਤ ਕੌਰ ਨੂੰ ਕੈਬਨਿਟ ਵਿੱਚ ਲਏ ਜਾਣ ਮਗਰੋਂ ਉਨ੍ਹਾਂ ਦੇ ਪਿੱਤਰੀ ਪਿੰਡ ਮਾਣੂੰਕੇ ਵਿੱਚ ਖੁਸ਼ੀ ਦਾ ਮਾਹੌਲ ਹੈ। ਡਾ. ਬਲਜੀਤ ਕੌਰ ਦੇ ਚਾਚਾ ਕਰਨੈਲ ਸਿੰਘ ਨੂੰ ਹਲਕੇ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪਿੰਡ ਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾ. ਬਲਜੀਤ ਕੌਰ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਦੀ ਬੇਟੀ ਹੈ। ਪ੍ਰੋ. ਸਾਧੂ ਸਿੰਘ ਵੀ ਮਾਣੁੰਕੇ ਵਿੱਚ ਹੀ ਜੰਮੇ-ਪਲ਼ੇ ਅਤੇ ਸਿਰੜੀ ਸੰਘਰਸ਼ ਕਰ ਕੇ ਸਾਹਿਤ, ਵਿੱਦਿਆ ਤੇ ਸਿਆਸਤ ਵਿੱਚ ਨਾਮਣਾ ਖੱਟਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਗਵੰਤ ਬੈਂਸ, ਬਲਾਕ ਪ੍ਰਧਾਨ ਇਕੱਤਰ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਜੀਵਨ ਸਿੰਘ, ਕਿਸਾਨ ਵਿੰਗ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਸਿੰਘ ਖਾਲਸਾ ਅਤੇ ਸਰਪੰਚ ਨਿਰਮਲ ਸਿੰਘ ਤੇ ਮੈਨੇਜਰ ਜਗਜੀਤ ਸਿੰਘ ਆਦਿ ਪੰਚਾਇਤੀ ਨੁਮਾਇੰਦਿਆਂ ਨੇ ਡਾ. ਬਲਜੀਤ ਕੌਰ ਦੇ ਚਾਚਾ ਕਰਨੈਲ ਸਿੰਘ ਦੇ ਹਾਰ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਖੁਸ਼ੀ ਵਿੱਚ ਪਟਾਕੇ ਵੀ ਚਲਾਏ। ਉਨ੍ਹਾਂ ਕਿਹਾ ਕਿ ਡਾ. ਬਲਜੀਤ ਕੌਰ ਆਪਣੇ ਦਾਦਕੇ ਪਿੰਡ ਦੀ ਮਿੱਟੀ ਨਾਲ ਜੁੜੀ ਹੋਈ ਹੈ ਤੇ ਉਨ੍ਹਾਂ ਨੂੰ ਪਿੰਡ ਦੀ ਧੀ ਡਾ. ਬਲਜੀਤ ਕੌਰ ’ਤੇ ਬਹੁਤ ਮਾਣ ਹੈ ਜੋ ਆਪਣੇ ਪਿਤਾ ਪ੍ਰੋ. ਸਾਧੂ ਸਿੰਘ ਦੇ ਕਦਮਾਂ ’ਤੇ ਚੱਲ ਰਹੀ ਹੈ। ਇਸ ਮੌਕੇ ਕਰਨੈਲ ਸਿੰਘ ਨੇ ਸਨਮਾਨ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਇਸ ਸਮੇਂ ਮੈਨੇਜਰ ਜਗਜੀਤ ਸਿੰਘ, ਬਿੰਦਰ ਸਿੰਘ, ਹਰਮੇਲ ਸਿੰਘ, ਮਨਦੀਪ ਸਿੰਘ ਪੰਚ, ਲਖਵਿੰਦਰ ਖੋਟੇ, ਕਈ ਹੋਰ ਪਤਵੰਤੇ ਤੇ ਪਿੰਡ ਵਾਸੀ ਮੌਜੂਦ ਸਨ।
ਡਾ. ਬਲਜੀਤ ਕੌਰ ਦੇ ਕੈਬਨਿਟ ਮੰਤਰੀ ਬਣਨ ’ਤੇ ਲੱਡੂ ਵੰਡੇ
ਮੰਡੀ ਲੱਖੇਵਾਲੀ (ਜਸਪ੍ਰੀਤ ਸੇਖੋਂ): ਪੰਜਾਬ ਵਿੱਚ ਅੱਜ ਮਲੋਟ ਤੋਂ ਵਿਧਾਇਕ ਡਾ. ਬਲਜੀਤ ਕੌਰ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੰਡੀ ਲੱਖੇਵਾਲੀ ਵਿੱਚ ਪਾਰਟੀ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਡਾ. ਬਲਜੀਤ ਕੌਰ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ ਕਿ ਲੋਕਾਂ ਦੇ ਸਾਰੇ ਮਸਲਿਆਂ ਦਾ ਹੱਲ ਹੋਵੇਗਾ। ਦੱਸਣਯੋਗ ਹੈ ਕਿ ਪੰਜਾਬ ‘ਚ ਅੱਜ ਭਗਵੰਤ ਮਾਨ ਦੀ ਕੈਬਨਿਟ ਨੇ ਸਹੁੰ ਚੁੱਕ ਲਈ ਹੈ।
ਵਿਧਾਇਕ ਜਗਸੀਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਪਿੰਡਾਂ ਵਿੱਚ ਕੀਤੀ ਮੁਨਾਦੀ
ਭੁੱਚੋ ਮੰਡੀ: ਹਲਕਾ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪਿੰਡ ਤੁੰਗਵਾਲੀ ਵਿੱਚ ਸਰਗਰਮ ਆਗੂ ਸਰਬਜੀਤ ਮਾਹਲ, ਬਲਜਿੰਦਰ ਕੌਰ, ਰਿੰਕੂ ਸ਼ਰਮਾ, ਗੋਰਾ ਮਾਹਲ, ਹਰਦੀਪ ਮਾਹਲ, ਗੱਗੂ ਸਮਾਘ ਅਤੇ ਸੁੱਖਾ ਮਾਨ ਨੇ ਪਿੰਡ ਦੇ ਗੁਰਦੁਆਰੇ ਵਿੱਚੋਂ ਮੁਨਾਦੀ ਕਰ ਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਤਾੜਨਾ ਕੀਤੀ ਹੈ। ਵਿਧਾਇਕ ਨੇ ਕਿਹਾ ਕਿ ਨਸ਼ੇ ਦੇ ਵਪਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦਾ ਪਤਾ ਲੱਗਣ ’ਤੇ ਉਨ੍ਹਾਂ ਨੂੰ ਸੂਚਿਤ ਜ਼ਰੂਰ ਕਰਨ। -ਪੱਤਰ ਪ੍ਰੇਰਕ