ਪੱਤਰ ਪ੍ਰੇਰਕ
ਮਾਨਸਾ, 11 ਜੁਲਾਈ
ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੇਲੂਆਣਾ ਦੇ ਨਵੋਦਿਆ ਲਈ ਚੁਣੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਨੂੰ ਪਹਿਲੇ ਨੰਬਰ ’ਤੇ ਲਿਆਉਣ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਮਿਆਰ ਵਿੱਚ ਵੱਡੀ ਤਬਦੀਲੀ ਦਿਖਾਈ ਦੇਵੇਗੀ।
ਜ਼ਿਕਰਯੋਗ ਹੈ ਕਿ ਅਧਿਆਪਕਾਂ ਦੀ ਮਿਹਨਤ ਨਾਲ ਇਸ ਸਕੂਲ ਦੇ ਪੰਜ ਵਿਦਿਆਰਥੀ ਨਵੋਦਿਆ ਲਈ ਚੁਣੇ ਗਏ ਹਨ, ਉਨ੍ਹਾਂ ਦਾ ਸਨਮਾਨ ਕਰਨ ਲਈ ਵਿਧਾਇਕ ਬੁੱਧ ਰਾਮ ਵਿਸ਼ੇਸ਼ ਸਨਮਾਨ ਕਰਨ ਲਈ ਸਕੂਲ ਆਏ ਸਨ।
ਸਕੂਲ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਮਿਹਨਤੀ ਸਟਾਫ ਦੇ ਸਹਿਯੋਗ ਨਾਲ ਉਨ੍ਹਾਂ ਦੇ ਸਕੂਲ ਦੇ ਬੱਚੇ ਹਰ ਖੇਤਰ ਵਿੱਚ ਚੰਗੀਆਂ ਪ੍ਰਾਪਤੀਆਂ ਖੱਟ ਰਹੇ ਹਨ। ਉਨ੍ਹਾਂ ਨਵੋਦਿਆ ਵਿੱਚ ਚੁਣੇ ਜਸਕੀਰਤ ਕੌਰ, ਅਸਮੀਨ, ਕੁਲਵੀਰ ਕੌਰ, ਹੁਸਨਪ੍ਰੀਤ ਕੌਰ ਅਤੇ ਮਨਪ੍ਰੀਤ ਸਿੰਘ ਸਣੇ ਅਧਿਆਪਕਾ ਸਰਬਜੀਤ ਕੌਰ ਤੇ ਦੁਪਿੰਦਰ ਕੌਰ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।