ਪੱਤਰ ਪ੍ਰੇਰਕ
ਤਲਵੰਡੀ ਸਾਬੋ, 18 ਅਪਰੈਲ
ਕਣਕ ਖਰੀਦ ਕੇਂਦਰਾਂ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੇ ਮੰਡੀਆਂ ਵਿੱਚ ਬੈਠੇ ਕਿਸਾਨਾਂ, ਆੜ੍ਹਤੀਆਂ ਤੇ ਲੇਬਰ ਦੀਆਂ ਮੁਸ਼ਕਿਲਾਂ ਸੁਣਨ ਲਈ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਹਲਕੇ ਦੇ ਪਿੰਡਾਂ ’ਚ ਬਣੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਤੇ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ। ‘ਆਪ’ ਵਿਧਾਇਕਾ ਨੇ ਜਗ੍ਹਾ ਰਾਮ ਤੀਰਥ, ਸਿੰਗੋ, ਨਥੇਹਾ, ਕੌਰੇਆਣਾ, ਤਿਉਣਾ ਪੁਜਾਰੀਆਂ, ਮਲਕਾਣਾ, ਗਿਆਨਾ ਆਦਿ ਖਰੀਦ ਕੇਂਦਰਾਂ ਦਾ ਦੌਰਾ ਕਰਕੇ ਚੱਲ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਤੇ ਮੰਡੀਆਂ ’ਚ ਕੰਮ ਕਰ ਰਹੀ ਲੇਬਰ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ। ਇਸ ਮੌਕੇ ਖਰੀਦ ਕੇਂਦਰਾਂ ’ਚ ਵੱਡੀ ਸਮੱਸਿਆ ਚੁਕਾਈ ਨਾ ਹੋਣ ਦੀ ਪਾਈ ਗਈ। ਕਿਸਾਨਾਂ ਨੇ ਵਿਧਾਇਕਾ ਨੂੰ ਦੱਸਿਆ ਕਿ ਤੋਲੀ ਹੋਈ ਕਣਕ ਦੀਆਂ ਬੋਰੀਆਂ ਦੇ ਕਈ ਦਿਨਾਂ ਤੋਂ ਮੰਡੀਆਂ ’ਚ ਅੰਬਾਰ ਲੱਗੇ ਪਏ ਹਨ, ਪਰ ਚੁਕਾਈ ਨਹੀਂ ਹੋ ਰਹੀ। ਲਿਫਟਿੰਗ ਨਾ ਹੋਣ ਕਾਰਨ ਜਗ੍ਹਾ ਨਹੀਂ ਮਿਲ ਰਹੀ ਤੇ ਕਿਸਾਨਾਂ ਨੂੰ ਫਸਲ ਮੰਡੀਆਂ ਵਿੱਚ ਸੁੱਟਣ ਲਈ ਸਮੱਸਿਆ ਬਣੀ ਹੋਈ ਹੈ ਤੇ ਮਜਬੂਰੀਵੱਸ ਉਨ੍ਹਾਂ ਨੂੰ ਫ਼ਸਲ ਖਰੀਦ ਕੇਂਦਰਾਂ ਨਾਲ ਲੱਗਦੇ ਖਾਲੀ ਖੇਤਾਂ ਤੇ ਕੱਚੇ ਥਾਵਾਂ ’ਤੇ ਲਾਹੁਣੀ ਪੈ ਰਹੀ ਹੈ। ਆੜ੍ਹਤੀਆਂ ਨੇ ਲਿਫਟਿੰਗ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਲੇਬਰ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਤੇ ਮੀਂਹ ਹਨੇਰੀ ਤੋਂ ਬਚਾਅ ਲਈ ਸ਼ੈੱਡ ਬਣਾਉਣ ਦੀ ਮੰਗ ਰੱਖੀ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਮੰਡੀਆਂ ’ਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਰਹਿੰਦੀਆਂ ਮੁਸ਼ਕਿਲਾਂ ਨੂੰ ਉਹ ਜਲਦੀ ਹੱਲ ਕਰਵਾਉਣਗੇ।