ਪੱਤਰ ਪ੍ਰੇਰਕ
ਤਲਵੰਡੀ ਸਾਬੋ, 22 ਸਤੰਬਰ
ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਨਰਮੇ ਨੂੰ ਪਈ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਪਿੰਡਾਂ ਦਾ ਅੱਜ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਹ ਅੱਜ ਸੀਂਗੋ, ਲਹਿਰੀ, ਮੈਨੰਆਣਾ, ਮਿਰਜੇਆਣਾ, ਰਾਈਆ, ਨਥੇਹਾ, ਜੱਜਲ, ਕਮਾਲੂ, ਬਾਘਾ ਤੇ ਸੁਖਲੱਧੀ ਪਿੰਡਾਂ ਵਿੱਚ ਗਏ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਆਖਿਆ ਕਿ ਫ਼ਸਲ ਬਚਾਉਣ ਦੀ ਖ਼ਾਤਰ ਉਨ੍ਹਾਂ ਮਹਿੰਗੇ ਭਾਅ ਦੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਪਰ ਕੋਈ ਕੰਟਰੋਲ ਨਹੀਂ ਹੋਇਆ। ਉਲਟਾ ਉਨ੍ਹਾਂ ਸਿਰ ਖਰਚੇ ਦਾ ਵਾਧੂ ਭਾਰ ਪੈ ਗਿਆ। ਵਿਧਾਇਕਾ ਨੇ ਕਿਹਾ ਕਿ ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਇੱਕ ਲੱਖ ਰੁਪਏ ਅਤੇ ਖੇਤ ਮਜ਼ਦੂਰਾਂ ਪ੍ਰਤੀ ਪਰਿਵਾਰ ਪੱਚੀ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ।