ਪੱਤਰ ਪ੍ਰੇਰਕ
ਤਲਵੰਡੀ ਸਾਬੋ, 29 ਮਈ
ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੋਵਿਡ-19 ਨੂੰ ਲੈ ਕੇ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖਾਮੀਆਂ ਬਾਰੇ ਐੱਸਐੱਮਓ ਡਾ. ਦਰਸ਼ਨ ਕੌਰ ਨਾਲ ਵਿਚਾਰਾਂ ਕੀਤੀਆਂ। ਵਿਧਾਇਕਾ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਕਰੋਨਾ ਨਾਲ ਨਜਿੱਠਣ ਲਈ ਸਰਕਾਰੀ ਹਸਪਤਾਲਾਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਉਪ ਮੰਡਲ ਪੱਧਰ ਦੇ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਵਿੱਚ ਕਰੋਨਾ ਵੈਕਸੀਨ, ਆਕਸੀਜਨ, ਸੈਨੇਟਾਈਜ਼ਰ, ਮਾਸਕ ਆਦਿ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਸਪਤਾਲ ਨੂੰ ਕਰੋਨਾ ਸੈਂਟਰ ਬਣਾਉਣ ਦੀ ਗੱਲ ਕਰ ਰਹੀ ਹੈ, ਪਰ ਹਸਪਤਾਲ ਦੀ ਇਮਾਰਤ ਕਾਫੀ ਖਸਤਾ ਹੈ। ਇਸ ਲਈ ਪਹਿਲਾਂ ਇਮਾਰਤ ਦੀ ਹਾਲਤ ਸੁਧਾਰੀ ਜਾਵੇ।
ਸਿਵਲ ਸਰਜਨ ਬਰਨਾਲਾ ਵੱਲੋਂ ਕੋਵਿਡ ਸੈਂਟਰ ਦਾ ਦੌਰਾ
ਬਰਨਾਲਾ (ਖੇਤਰੀ ਪ੍ਰਤੀਨਿਧ): ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕੋਵਿਡ ਲੈਵਲ-2 ਫੈਸਿਲਟੀ ਕੇਂਦਰ ਸੋਹਲ ਪੱਤੀ ਦਾ ਦੌਰਾ ਕੀਤਾ ਤੇ ਕਰੋਨਾ ਮਰੀਜ਼ਾਂ ਦੇ ਚੱਲ ਰਹੇ ਇਲਾਜ ਦਾ ਜਾਇਜ਼ਾ ਲਿਆ| ਇਸ ਦੌਰਾਨ ਉਨ੍ਹਾਂ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਤੇ ਆਕਸੀਜਨ ਸਪਲਾਈ ਸਮੇਤ ਕਿਸੇ ਵੀ ਕਿਸਮ ਦੀ ਮੁੁਸ਼ਕਲ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ|