ਪੱਤਰ ਪ੍ਰੇਰਕ
ਤਲਵੰਡੀ ਸਾਬੋ, 3 ਅਪਰੈਲ
ਹਲਕਾ ਤਲਵੰਡੀ ਸਾਬੋ ਦੇ ‘ਆਪ’ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਜਿੱਥੇ ਅੱਜ ਵੱਖ-ਵੱਖ ਪਿੰਡਾਂ ਦਾ ਧੰਨਵਾਦੀ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਪ੍ਰੋਫੈਸਰ ਬਲਜਿੰਦਰ ਕੌਰ ਨੇ ਲਹਿਰੀ, ਸਿੰਗੋ, ਭਾਗੀਵਾਂਦਰ, ਮਲਕਾਣਾ, ਜੱਜਲ, ਗੁਰੂਸਰ, ਗਿਆਨਾ ਆਦਿ ਪਿੰਡਾਂ ਵਿੱਚ ਇਕੱਠਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਹ ਹਲਕਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਨਸ਼ਿਆਂ ਤੇ ਪੈਸੇ ਦੇ ਲਾਲਚ ਤੋਂ ਉਪਰ ਉੱਠ ਕੇ ਲਗਾਤਾਰ ਦੂਜੀ ਵਾਰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਇਸ ਕਰਕੇ ਹਲਕੇ ਵਾਲਿਆਂ ਨੂੰ ਹੁਣ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਹੱਲ ਕਰਵਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।
ਇਸ ਮੌਕੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਵੀ ਵਿਧਾਇਕਾ ਨੂੰ ਸੌਂਪੇ। ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਜਲਦੀ ਹੱਲ ਕੀਤੀਆਂ ਜਾਣਗੀਆਂ। ਪਿੰਡਾਂ ਵਿੱਚ ਪਹੁੰਚਣ ’ਤੇ ਲੋਕਾਂ ਨੇ ਬਲਜਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ।
ਇਸ ਮੌਕੇ ਵਿਧਾਇਕਾ ਬਲਜਿੰਦਰ ਕੌਰ ਨਾਲ ਇਸ ਮੌਕੇ ਸੁਖਰਾਜ ਸਿੰਘ ਬੱਲ, ਉਦੈਵੀਰ ਜਗਾ, ਨਿੱਜੀ ਸਹਾਇਕ ਕੇਵਲ ਸਿੰਘ, ਜਗਸੀਰ ਸਿੰਘ ਭਾਗੀਵਾਂਦਰ, ਦਲਜੀਤ ਸਿੰਘ ਨੰਬਰਦਾਰ ਲਹਿਰੀ, ਸੁਖਦੇਵ ਸਿੰਘ ਫਰਮਾਸਿਸਟ, ਮਾਸਟਰ ਹਰਮੇਲ ਸਿੰਘ, ਤਰਸੇਮ ਸਿੰਗਲਾ, ਡਾਕਟਰ ਰਾਜਵੀਰ ਸਿੰਘ, ਗੁਰਦੀਪ ਤੂਰ ਆਦਿ ਪਾਰਟੀ ਆਗੂ ਸ਼ਾਮਲ ਸਨ।