ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 12 ਫਰਵਰੀ
ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਿਧਾਇਕ ਰਮਿੰਦਰ ਆਵਲਾ ਨੇ ਸਮਰਥਕਾਂ ਤੇ ਸਮੁੱਚੇ ਵਾਰਡਾਂ ਦੇ ਉਮੀਦਵਾਰਾਂ ਨਾਲ ਮਿਲ ਕੇ ਸ਼ਹਿਰ ਦੇ ਬਾਜ਼ਾਰਾਂ ਰੋਡ ਸ਼ੋਅ ਕੀਤਾ, ਜਿਸ ਦੌਰਾਨ ਦੁਕਾਨਦਾਰਾਂ ਨੇ ਵਿਧਾਇਕ ਆਵਲਾ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਸੀਨੀਅਰ ਵਾਈਸ ਚੇਅਰਮੈਨ ਬੀਸੀ ਕਮਿਸ਼ਨ ਪੰਜਾਬ ਸੁਖਵਿੰਦਰ ਸਿੰਘ ਕਾਕਾ ਕੰਬੋਜ ਤੇ ਹੋਰ ਆਗੂ ਮੌਜੂਦ ਸਨ।
ਰੋਡ ਸ਼ੋਅ ਦੌਰਾਨ ਸ੍ਰੀ ਆਵਲਾ ਨੇ ਕਿਹਾ ਕਿ ਬੜੇ ਲੰਬੇ ਸਮੇਂ ਬਾਅਦ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਚੋਣਾਂ ’ਚ ਫਤਵਾ ਦੇਣ ਦਾ ਮੌਕਾ ਮਿਲ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਦਬਕਾ ਕੇ ਬਿਠਾ ਦਿੱਤਾ ਜਾਂਦਾ ਜਦਕਿ ਪਰ ਹੁਣ ਕਾਂਗਰਸੀ ਉਮੀਦਵਾਰ ਜ਼ਰੂਰ ਜਿੱਤ ਹਾਸਲ ਕਰਨਗੇ। ਉਨ੍ਹਾਂ ਨੇ ਸ਼ਹਿਰ ਦਾ ਵਿਕਾਸ ਕਰਵਾਉਣ ਦਾ ਵੀ ਵਾਅਦਾ ਕੀਤਾ।
‘ਆਪ’ ਵੱਲੋਂ ਮੋਟਰਸਾਈਕਲਾਂ ’ਤੇ ਰੋਡ ਸ਼ੋਅ
ਜਲਾਲਾਬਾਦ (ਟੋਨੀ ਛਾਬੜਾ): ਨਗਰ ਕੌਂਸਲ ਚੋਣਾਂ ਦੇ ਅੱਜ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਵੱਲੋਂ ਜਲਾਲਾਬਾਦ ਵਿੱਚ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਅਗਵਾਈ ਸੀਨੀਅਰ ਲੀਡਰ ਅਤੇ ਤਰਜਮਾਨ ਜਗਦੀਪ ਕੰਬੋਜ ਗੋਲਡੀ ਅਤੇ ਮਹਿੰਦਰ ਸਿੰਘ ਕਚੂਰਾ ਹਲਕਾ ਇੰਚਾਰਜ ਨੇ ਕੀਤੀ। ਇਹ ਰੋਡ ਸ਼ੋਅ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੇ ਗਲੀਆਂ ਵਿੱਚੋਂ ਲੰਘਿਆ। ਆਗੂਆਂ ਨੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
ਉਮੀਦਵਾਰ ਲੱਡੂਆਂ ਨਾਲ ਤੋਲੇ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਨਿਹਾਲ ਸਿੰਘ ਵਾਲਾ ਨਗਰ ਪੰਚਾਇਤ ਚੋਣਾਂ ਲਈ ਵਾਰਡ ਨੰਬਰ-5 ਤੋਂ ਅਕਾਲੀ ਉਮੀਦਵਾਰ ਡਾ. ਵਰਿੰਦਰ ਕੌਰ ਅਤੇ ਵਾਰਡ ਨੰਬਰ-2 ਤੋਂ ਨਗਰ ਪੰਚਾਇਤ ਦੀ ਪ੍ਰਧਾਨਗੀ ਲਈ ਦਾਅਵੇਦਾਰ ਜਗਦੀਪ ਸਿੰਘ ਗਟਰਾ (ਪ੍ਰਧਾਨ ਜ਼ਿਲ੍ਹਾ ਯੂਥ ਅਕਾਲੀ ਦਲ) ਨੂੰ ਵੋਟਰਾਂ ਵੱਲੋਂ ਲੱਡੂਆ ਨਾਲ ਤੋਲਿਆ ਗਿਆ। ਜਗਦੀਪ ਸਿੰਘ ਗਟਰਾ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਬਿਨਾਂ ਪੱਖਪਾਤ ਨਿਹਾਲ ਸਿੰਘ ਵਾਲਾ ਦਾ ਪੂਰਨ ਵਿਕਾਸ ਕਰਵਾਇਆ ਜਾਵੇਗਾ।
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਅੱਜ ਕੌਂਸਲ ਚੋਣਾਂ ਦੇ ਪ੍ਰਚਾਰ ਦੇ ਆਖਰੀ ਦਿਨ ਜਿੱਥੇ ਵੱਖ-ਵੱਖ ਵਾਰਡਾਂ ਵਿੱਚ ਉਮੀਦਵਾਰਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਉੱਥੇ ਵਾਰਡ ਨੰਬਰ 2 ਦੇ ਆਜ਼ਾਦ ਉਮੀਦਵਾਰ ਜਸਵੀਰ ਸਿੰਘ ਜੱਸੀ ਨੂੰ ਵਾਰਡ ਦੇ ਲੋਕਾਂ ਵੱਲੋਂ ਲੱਡੂਆਂ ਨਾਲ ਤੋਲਿਆ ਗਿਆ। ਇਸੇ ਦੌਰਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ। ਇੱਥੇ ਸ਼੍ਰੋਮਣੀ ਅਕਾਲੀ ਦਲ, ਬਸਪਾ ਤੇ ਆਪ ਦੇ ਉਮੀਦਵਾਰਕਿਸਮਤ ਅਜ਼ਮਾ ਰਹੇ ਹਨ।