ਚੰਦਰ ਪ੍ਰਕਾਸ ਕਾਲੜਾ/ਟੋਨੀ ਛਾਬੜਾ
ਜਲਾਲਾਬਾਦ, 28 ਜੁਲਾਈ
ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋਂ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਵਿਚ 9 ਕਰੋੜ ਰੁਪਏ ਦੀ ਰਾਸ਼ੀ ਨਾਲ ਹੋਣ ਵਾਲੇ ਅੰਡਰਗਰਾਊਂਡ ਪਾਈਪਲਾਈਨਾਂ ਲਈ ਕਿਸਾਨਾਂ ਨੂੰ ਚੈੱਕ ਭੇਟ ਕੀਤੇ ਗਏ। ਮਾੜੇ ਪਾਣੀ ਕਾਰਨ ਦਿਨੋਂ ਦਿਨ ਘੱਟ ਰਹੀ ਖੇਤੀ ਨੂੰ ਮੁੱਖ ਰੱਖਦੇ ਹੋਏ ਲਗਭਗ 60 ਦੇ ਕਰੀਬ ਕਿਸਾਨਾਂ ਨੂੰ ਇਹ ਰਾਸ਼ੀ ਪ੍ਰਦਾਨ ਕਰਵਾਈ ਗਈ ਹੈ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਦੀ ਸਮੱਸਿਆ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਪੰਜਾਬ ਸਰਕਾਰ ਵੱਲੋਂ ਪਿੰਡ ਚੱਕ ਪੰਜ ਕੋਹੀ ਦੇ ਨਹਿਰੀ ਪਾਣੀ ਦਾ ਸਪੈਸ਼ਲ ਮੋਘਾ 5 ਪਿੰਡਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਂਦਾ ਸੀ ਤੇ ਖਾਲ਼ੇ ਦੀ ਲੰਬਾਈ ਜ਼ਿਆਦਾ ਹੋਣ ਕਾਰਨ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੂਰੀ ਮਾਤਰਾ ਵਿਚ ਨਹੀਂ ਪੁੱਜਦਾ ਸੀ। ਉਨ੍ਹਾਂ ਕਿਹਾ ਕਿ ਅੱਜ ਇਨਾਂ ਪਿੰਡਾਂ ਨੂੰ 81 ਲੱਖ ਰੁਪਏ ਦੇ ਕੇ ਪਾਈਪਲਾਈਨ ਪਾਉਣ ਦੇ ਕੰਮ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ।
ਵਿਧਾਇਕ ਭੂੰਦੜ ਵੱਲੋਂ ਸਮਾਰਟ ਪ੍ਰਾਜੈਕਟਾਂ ਦੇ ਉਦਘਾਟਨ
ਸਰਦੂਲਗੜ੍ਹ (ਬਲਜੀਤ ਸਿੰਘ): ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਨੂੰ ਦਿੱਤੇ ਜਾ ਰਹੇ ਪ੍ਰਾਜੈਕਟਾਂ ਦੇ ਉਦਘਾਟਨ ਹਲਕਾ ਵਿਧਾਇਕ ਸਰਦੂਲਗੜ੍ਹ ਦਿਲਰਾਜ ਸਿੰਘ ਭੂੰਦੜ ਨੇ ਕੀਤੇ। ਉਦਘਾਟਨ ਦੌਰਾਨ ਸਰਕਾਰੀ ਕੰਨਿਆਂ ਪ੍ਰਾਇਮਰੀ ਸਕੂਲ ਸਰਦੂਲਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਖੁਰਦ ਵਿੱਚ ਵਿਧਾਇਕ ਭੂੰਦੜ ਨੇ ਦੱਸਿਆ ਕਿ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨੇ ਆਪਣੇ ਅਖਤਿਆਰੀ ਕੋਟੇ ’ਚੋਂ ਵਿਸ਼ੇਸ਼ ਫੰਡ ਦੇ ਕੇ ਹਲਕੇ ਦੇ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ।