ਮਲਕੀਤ ਸਿੰਘ
ਜਲਾਲਾਬਾਦ, 10 ਜਨਵਰੀ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਕਾਲੀ ਦਲ ਨੂੰ ਚਾਰੇ ਪਾਸਿਓਂ ਘੇਰਨ ਦੇ ਦਾਅਵੇ ਜਲਾਲਾਬਾਦ ਵਿੱਚ ਫੋਕੇ ਸਾਬਤ ਹੋ ਰਹੇ ਹਨ। ਟਿਕਟਾਂ ਦੀ ਵੰਡ ਹੋਣ ਤੋਂ ਪਹਿਲਾਂ ਹੀ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ ਗੁਰੂਹਰਸਾਏ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦੇਣ ਨਾਲ ਇੱਥੋਂ ਦੇ ਲੋਕ ਦੁਚਿੱਤੀ ਵਿੱਚ ਹਨ। ਇਸ ਗੱਲੋਂ ਇੱਥੋਂ ਦੇ ਕਾਂਗਰਸੀਆਂ ਨੂੰ ਥਾਂ-ਥਾਂ ਤਾਅਨੇ ਮਿਹਣੇ ਸੁਣਨੇ ਪੈ ਰਹੇ ਹਨ। ਲੋਕ ਸਵਾਲ ਪੁੱਛਦੇ ਹਨ ਕਿ ਸੁਖਬੀਰ ਬਾਦਲ ਨਾਲ ਦੋ ਸਾਲ ਫਰੈਂਡਲੀ ਮੈਚ ਖੇਡਣ ਉਪਰੰਤ ਆਖਰ ਰਮਿੰਦਰ ਆਵਲਾ ਨੇ ਸੁਖਬੀਰ ਲਈ ਖੁੱਲ੍ਹਾ ਮੈਦਾਨ ਕਿਉਂ ਛੱਡ ਦਿੱਤਾ। ਉਧਰ ਜਿਥੇ ਜਲਾਲਾਬਾਦ ਦੇ ਕਾਂਗਰਸੀਆਂ ਲਈ ਰਮਿੰਦਰ ਆਵਲਾ ਦੇ ਜਾਣ ਮਗਰੋਂ ਕਈ ਸਵਾਲ ਖੜ੍ਹੇ ਹੋ ਗਏ ਹਨ ਉੱਥੇ ਦੂਜੇ ਪਾਸੇ ਪੰਜਾਬ ਕਾਂਗਰਸ ਲਈ ਵੀ ਵੱਡਾ ਸਵਾਲ ਚੁਣੌਤੀ ਬਣ ਕੇ ਖੜ੍ਹਾ ਹੋ ਗਿਆ ਹੈ ਕਿ ਰਮਿੰਦਰ ਆਵਲਾ ਦੀ ਅਮੀਰੀ ਅੱਗੇ ਕੀ ਕਾਂਗਰਸ ਪਾਰਟੀ ਗੋਡੇ ਟੇਕ ਚੁੱਕੀ ਹੈ। ਕਾਂਗਰਸ ਵੱਲੋਂ ਸੁਖਬੀਰ ਸਾਹਮਣੇ ਫਿਲਹਾਲ ਖੁੱਲ੍ਹਾ ਮੈਦਾਨ ਛੱਡ ਦੇਣ ਕਾਰਨ ਦੋਵਾਂ ਹਲਕਿਆਂ ਦੇ ਕਾਂਗਰਸ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।