ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 15 ਜਨਵਰੀ
ਇਥੇ ਵਿਧਾਇਕ ਰਮਿੰਦਰ ਆਵਲਾ ਨੇ ਵੱਖ-ਵੱਖ ਪਿੰਡਾਂ ’ਚ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ, ਜਿਨ੍ਹਾਂ ਵਿੱਚ ਮੋਹਕਮ ਅਰਾਈਆ ’ਚ ਸੀਵਰੇਜ ਅਤੇ ਸਟੇਡੀਅਮ, ਰਾਮਦੇਵ ਮੰਦਰ ਦੀ ਸੜਕ ਤੇ ਛੱਪੜ ਦੇ ਨਵੀਨੀਕਰਨ, ਪਿੰਡ ਮੋਹਕਮ ਅਰਾਈ ਦੀ ਢਾਣੀ ਫੱਤੇਵਾਲੀ ਸੜਕ, ਆਂਣਨਵਾੜੀ ਸੈਂਟਰ ਅਤੇ ਸਟੇਡੀਅਮ ਸ਼ਾਮਲ ਹਨ। ਇਸੇ ਤਰ੍ਹਾਂ ਸਮਾਰਟ ਵਿਲੇਜ ਸਕੀਮ ਤਹਿਤ ਪਿੰਡ ਕਾਹਨੇਵਾਲਾ ਵਿੱਚ ਗਲੀਆਂ ਨਾਲੀਆਂ, ਪਾਰਕ ਤੇ ਢਾਣੀ ਫੂਲਾ ਸਿੰਘ ਦੀਆਂ ਗਲੀਆਂ ਨਾਲੀਆਂ ਦਾ ਨੀਂਹ ਪੱਥਰ ਰੱਖਿਆ। ਪਿੰਡ ਬੱਘੇ ਕੇ ਹਿਠਾੜ ਦੀਆਂ ਇੰਟਰਲੌਕ ਟਾਈਲ ਤੇ ਗਲੀਆਂ ਨਾਲੀਆਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਅੱਜ ਕਰੀਬ 65 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਹਲਕੇ ਦੇ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਕੰਮ ਜ਼ੋਰਾਂ ’ਤੇ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਹੀ ਰਫਤਾਰ ਦੇਣ ਲਈ ਪੰਚਾਇਤਾਂ ਆਪਣੇ ਪੱਧਰ ’ਤੇ ਪੂਰਾ ਸਹਿਯੋਗ ਕਰਨ ਤਾਂ ਜੋ ਹਲਕੇ ਦੀ ਨੁਹਾਰ ਬਦਲੀ ਜਾ ਸਕੇ।