ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 9 ਨਵੰਬਰ
ਹਲਕਾ ਵਿਧਾਇਕ ਰਮਿੰਦਰ ਆਵਲਾ ਨੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ ਕਰਦਿਆਂ ਲੱਖਾਂ ਰੁਪਏ ਦੀ ਲਾਗਤ ਨਾਲ ਜਿੱਥੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ, ਉਥੇ ਹੀ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਕੀਤੇ। ਇਸ ਦੌਰਾਨ ਪਿੰਡ ਅਲਿਆਣਾ ਵਿੱਚ ਜਿਮ ਦਾ ਨੀਂਹ ਪੱਥਰ, ਆਂਗਣਵਾੜੀ ਦੀ ਨਵੀਂ ਇਮਾਰਤ ਤੇ ਸੋਲਰ ਲਾਈਟਾਂ ਦਾ ਉਦਘਾਟਨ, ਘੱਟਿਆਂਵਾਲੀ ਜਟਾਂ ’ਚ ਪਾਰਕ ਦਾ ਉਦਘਟਾਨ ਤੇ ਜਿਮ ਦਾ ਨੀਂਹ ਪੱਥਰ ਰੱਖਿਆ, ਅਰਨੀਵਾਲਾ ’ਚ ਵੱਖ-ਵੱਖ ਵਾਰਡਾਂ ’ਚ ਗਲੀਆਂ ਦਾ ਨੀਂਹ ਪੱਥਰ, ਢਾਣੀ ਵਿਸਾਖਾ ਸਿੰਘ ਤੇ ਢਾਣੀ ਚੰਡੀਗੜ੍ਹ ਵਿੱਚ ਗਲੀ ਨਾਲੀਆਂ ਦਾ ਨੀਂਹ ਪੱਥਰ, ਜੰਡ ਵਾਲਾ ਭੀਮੇ ’ਚ ਕੰਮਿਊਨਿਟੀ ਹਾਲ ਦਾ ਨੀਂਹ ਪੱਥਰ, ਪਾਕਾਂ ’ਚ ਇੰਟਰਲੌਕ ਗਲੀਆਂ ਦਾ ਨੀਂਹ ਪੱਥਰ, ਪੱਕੇ ਨਾਲੇ ਬਣਾਉਣ ਦਾ ਉਦਘਾਟਨ, ਕੁਹਾੜਿਆਂ ’ਚ ਸਟੇਡੀਅਮ ਦਾ ਨੀਂਹ ਪੱਥਰ, ਕੰਧ ਵਾਲਾ ਹਾਜ਼ਰ ਖਾਂ ਦੇ ਸਰਕਾਰੀ ਸਕੂਲ ’ਚ ਪਾਰਕ ਤੇ ਪਿੰਡ ਦੀਆਂ ਪੱਕੀਆਂ ਗਲੀਆਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨਾਲ ਬੀਸੀ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਰਮੇਸ਼ ਆਵਲਾ, ਲਿੰਕਨ ਮਲਹੌਤਰਾ, ਚੇਅਰਮੈਨ ਹਰਕੰਵਲ ਇਸਲਾਮਵਾਲਾ, ਯੂਥ ਦੇ ਜ਼ਿਲ੍ਹਾ ਪ੍ਰਧਾਨ ਤੇ ਸਪੋਕਸਮੈਨ ਰੂਬੀ ਗਿੱਲ ਹਾਜ਼ਰ ਸਨ।