ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 6 ਜੁਲਾਈ
ਵਿਧਾਇਕ ਰਮਿੰਦਰ ਆਵਲਾ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਜਿੱਥੇ ਪੰਚਾਇਤਾਂ ਨੂੰ ਗ੍ਰਾਂਟ ਰਾਸ਼ੀ ਦੇ ਚੈੱਕ ਵੰਡੇ, ਉੱਥੇ ਹੀ ਕਈ ਥਾਵਾਂ ’ਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਭਾਗ ਲਿਆ ਤੇ ਪੰਚਾਇਤਾਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਇਸ ਮੌਕੇ ਲਿੰਕਨ ਮਲਹੌਤਰਾ ਜ਼ੋਨ ਇੰਚਾਰਜ ਅਰਨੀਵਾਲਾ, ਬੱਬੂ ਆਵਲਾ ਜ਼ੋਨ ਇੰਚਾਰਜ, ਰਿਸ਼ੂ ਆਵਲਾ ਜ਼ੋਨ ਇੰਚਾਰਜ, ਰਿਤੇਸ਼ ਆਵਲਾ, ਰੂਬੀ ਗਿੱਲ ਪ੍ਰਧਾਨ ਯੂਥ ਕਾਂਗਰਸ ਤੇ ਕਈ ਅਧਿਕਾਰੀ ਮੌਜੂਦ ਸਨ।
ਇਸ ਦੌਰੇ ਦੌਰਾਨ ਵਿਧਾਇਕ ਆਵਲਾ ਨੇ ਜੰਡਵਾਲਾ ਭੀਮੇਸ਼ਾਹ, ਅਰਨੀਵਾਲਾ, ਟਾਹਲੀਵਾਲਾ ਜੱਟਾ, ਬੀਡੀਓ ਦਫ਼ਤਰ, ਚਿਮਨੇਵਾਲਾ ਤੇ ਜੋੜਕੀ ਅੰਧੇ ਵਾਲੀ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਜੰਡਵਾਲਾ ਭੀਮੇਸ਼ਾਹ ਦੀ ਪੰਚਾਇਤ ਵੱਲੋਂ ਵਿਧਾਇਕ ਬਣਨ ਦੀ ਖੁਸ਼ੀ ’ਚ ਰੱਖੇ ਧਾਰਮਿਕ ਪ੍ਰੋਗਰਾਮ ’ਚ ਸ਼ਿਰਕਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਖ-ਵੱਖ ਪਿੰਡਾਂ ’ਚ ਜਾ ਕੇ ਵਿਕਾਸ ਲਈ ਆਈ 3 ਕਰੋੜ 13 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਵੰਡੇ। ਇਸ ਮੌਕੇ ਵਿਧਾਇਕ ਆਵਲਾ ਨੇ ਕਿਹਾ ਕਿ ਜਲਾਲਾਬਾਦ ਦੀ ਉਪ ਚੋਣ ਜਿੱਤਣ ਤੋਂ ਪਹਿਲਾਂ ਜੋ ਵੀ ਵਾਅਦੇ ਜਨਤਾ ਨਾਲ ਕੀਤੇ ਸਨ, ਉਨ੍ਹਾਂ ਨੂੰ ਹਰ ਹਾਲ ’ਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਸਮਾਂ ਘੱਟ ਹੈ, ਪਰ ਫਿਰ ਵੀ ਹਲਕੇ ਦੇ ਵਿਕਾਸ ਲਈ ਉਹ ਕੋਈ ਵੀ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਹ ਹਰ ਵਾਅਦੇ ਨੂੰ ਪੂਰਾ ਕਰਦੇ ਹਨ। ਇਸ ਮੌਕੇ ਵਿਧਾਇਕ ਆਵਲਾ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਜੋ ਵੀ ਗ੍ਰਾਂਟ ਰਾਸ਼ੀ ਆ ਰਹੀ ਹੈ, ਉਸ ਨੂੰ ਵਧੀਆ ਤਰੀਕੇ ਨਾਲ ਖਰਚ ਕਰਨ।