ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 24 ਦਸੰਬਰ
ਪੰਜਾਬ ਸਰਕਾਰ ਵੱਲੋਂ 14ਵੇਂ ਵਿੱਤ ਕਮਿਸ਼ਨ ਅਧੀਨ ਵੱਖ-ਵੱਖ ਹਲਕਿਆਂ ਨੂੰ ਗ੍ਰਾਂਟ ਰਾਸ਼ੀ ਤਕਸੀਮ ਕੀਤੀ ਜਾ ਰਹੀ ਹੈ। ਇਸੇ ਤਹਿਤ ਜਲਾਲਾਬਾਦ ਤੇ ਅਰਨੀਵਾਲਾ ਜੈਲ ਦੇ ਪਿੰਡਾਂ ਨੂੰ 21 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਣ ਲਈ ਸ਼ਹਿਰ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਵਿਧਾਇਕ ਰਮਿੰਦਰ ਆਵਲਾ ਨੇ ਡਿਪਟੀ ਕਮਿਸ਼ਨਰ ਅਰਵਿੰਦਰ ਪਾਲ ਸੰਧੂ ਨਾਲ ਮਿਲ ਕੇ ਹਲਕੇ ਦੀਆਂ 184 ਪੰਚਾਇਤਾਂ ਨੂੰ 21 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ। ਇਨ੍ਹਾਂ ’ਚ ਅਰਨੀਵਾਲਾ ਜੈਲ ਦੇ ਪਿੰਡਾਂ ਨੂੰ 7 ਕਰੋੜ ਅਤੇ ਜਲਾਲਾਬਾਦ ਦੇ ਪਿੰਡਾਂ ਨੂੰ 14 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਐੱਸਡੀਐੱਮ ਸੂਬਾ ਸਿੰਘ, ਬੀਡੀਈਓ ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ ਕਾਕਾ ਕੰਬੋਜ ਸੀਨੀਅਰ ਵਾਈਸ ਚੇਅਰਮੈਨ, ਰਾਜ ਬਖਸ਼ ਕੰਬੋਜ ਚੇਅਰਮੈਨ, ਹਰਕੰਵਲ ਚੇਅਰਮੈਨ, ਬਲਕਾਰ ਸਿੰਘ, ਸੈਕਟਰੀ ਬਲਜੀਤ ਸਿੰਘ, ਚੇਅਰਮੈਨ ਰਤਨ ਸਿੰਘ, ਵਾਈਸ ਚੇਅਰਮੈਨ ਸੁਭਾਸ਼ ਕਾਲੂਵਾਲਾ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪੰਚਾਇਤਾਂ ਦੇ ਨੁਮਾਇੰਦੇ ਮੌਜੂਦ ਸਨ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਸਰਕਾਰ ਵੱਲੋਂ 14ਵੇਂ ਵਿੱਤ ਕਮਿਸ਼ਨ ਅਧੀਨ 21 ਕਰੋੜ ਰੁਪਏ ਦੀ ਰਾਸ਼ੀ ਜਲਾਲਾਬਾਦ ਲਈ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵੀ ਵਿਕਾਸ ਕਾਰਜਾਂ ਨੂੰ ਸਾਫ-ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨ।
ਇਸ ਦੌਰਾਨ ਸ਼ਹਿਰ ਦੀ ਅਨਾਜ ਮੰਡੀ ’ਚ ਅੱਜ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵਿਧਾਇਕ ਰਮਿੰਦਰ ਆਵਲਾ ਨੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨਾਲ ਮਿਲ ਕੇ ਰੱਖੇ। ਇਸ ਮੌਕੇ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਅਨਾਜ ਮੰਡੀ ’ਚ ਸੀਸੀ ਫਲੋਰਿੰਗ, ਡਿਸਪੋਜ਼ਲ ਦੀ ਚਾਰਦੀਵਾਰੀ ਤੇ ਰਿਪੇਅਰ ਅਤੇ ਮਾਰਕੀਟ ਕਮੇਟੀ ਦਫ਼ਤਰ ਦੇ ਅੰਦਰ ਰਿਪੇਅਰ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਕੰਮ ਲਈ ਲਗਪੱਗ 1 ਕਰੋੜ 10 ਲੱਖ ਰੁਪਇਆ ਖਰਚ ਕੀਤਾ ਜਾਣਾ ਹੈ।