ਸ਼ਗਨ ਕਟਾਰੀਆ
ਜੈਤੋ, 5 ਸਤੰਬਰ
ਰੜੇ ਮੈਦਾਨ ਮੌਸਮੀ ਮਾਰ ਸਹਿ ਕੇ ਬੱਸ ਸਫ਼ਰ ਕਰਨ ਵਾਲੇ ਜੈਤੋ ਖੇਤਰ ਦੇ ਲੋਕਾਂ ਲਈ ਅੱਜ ਮੁਬਾਰਕ ਦਾ ਦਿਨ ਸੀ। ਛੇ ਵਰ੍ਹਿਹਆਂ ਮਗਰੋਂ ਧੁੱਪ ਮੀਂਹ ਤੋਂ ਤਨ ਬਚਾਉਣ ਲਈ ਲੋਕਾਂ ਨੂੰ ਨਵਾਂ ਬੱਸ ਅੱਡਾ ਮਿਲਿਆ ਹੈ। ਇਸ ਅਰਸੇ ਦੌਰਾਨ ਬਾਦਲ, ਕੈਪਟਨ ਤੇ ਚੰਨੀ ਦੀਆਂ ਹਕੂਮਤਾਂ ਰਹੀਆਂ। ਦਿਲਚਸਪ ਗੱਲ ਇਹ ਰਹੀ ਕਿ ਨਗਰ ਕੌਂਸਲ ਦੀ ਮਾਲਕੀ ਵਾਲੇ ਇਸ ਅੱਡੇ ’ਤੇ ਭਾਵੇਂ ਸਹੂਲਤਾਂ ਕੱਖ ਨਹੀਂ ਸੀ ਪਰ ਇਥੋਂ ਰੋਜ਼ਾਨਾ ਲੰਘਦੀਆਂ ਸੈਂਕੜੇ ਬੱਸਾਂ ਤੋਂ ਅੱਡਾ ਫੀਸ ਦੀ ਵਸੂਲੀ ਹੁੰਦੀ ਹੀ ਰਹੀ।
ਦੱਸ ਦੇਈਏ ਅਕਾਲੀ-ਭਾਜਪਾ ਸਰਕਾਰ ਨੇ 2016 ਦੇ ਅੰਤਲੇ ਮਹੀਨਿਆਂ ’ਚ ਖਸਤਾ ਹਾਲ ਬੱਸ ਅੱਡੇ ਦੀ ਇਮਾਰਤ ਢਹਿ-ਢੇਰੀ ਕਰ ਦਿੱਤੀ ਸੀ। ਭਾਵੇਂ ਅਕਾਲੀ ਦਲ ਦੇ ਇਕ ਆਗੂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਬੱਸ ਅੱਡੇ ਦੀ ਉਸਾਰੀ ਲਈ ਨੀਂਹ ਪੱਥਰ ਤਾਂ ਰੱਖ ਦਿੱਤਾ ਪਰ ਉਸ ਤੋਂ ਬਾਅਦ ਉੱਥੇ ਇਕ ਇੱਟ ਵੀ ਨਹੀਂ ਲੱਗੀ ਅਤੇ ਹੁਣ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਕੰਮ ਦੀ ਸ਼ੁਰੂਆਤ ਹੋਈ। ਨਵੀਂ ਸਰਕਾਰ ਸਮੇਂ ਉਸਾਰੀ ਦਾ ਕੰਮ ਬਹੁਤ ਤੇਜ਼ੀ ਨਾਲ ਸਿਰੇ ਚੜ੍ਹਾਇਆ ਗਿਆ।
ਬੱਸ ਅੱਡੇ ਦਾ ਉਦਘਾਟਨ ਅੱਜ ਹਲਕਾ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਉਚੇਚੇ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਵਿਧਾਇਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਜੈਤੋ ਬੱਸ ਅੱਡੇ ਦੀ ਹਾਲਤ ਤਰਸਯੋਗ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਸ਼ਹਿਰੀ ਵਾਤਾਵਰਨ ਸੁਧਾਰ’ ਪ੍ਰੋਗਰਾਮ ਤਹਿਤ 62 ਲੱਖ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਜੈਤੋ ਦਾ ਨਵ ਨਿਰਮਾਣ ਕੀਤਾ ਗਿਆ ਹੈ। ਇਸ ਮੌਕੇ ਕਾਰਜਸਾਧਕ ਅਫ਼ਸਰ ਜੈਤੋ ਚੰਦਰ ਮੋਹਨ ਭਾਟੀਆ, ਐਕਸੀਅਨ ਰਾਕੇਸ਼ ਕੰਬੋਜ, ‘ਆਪ’ ਦੇ ਸੀਨੀਅਰ ਆਗੂ ਧਰਮਜੀਤ ਸਿੰਘ ਰਾਮੇਆਣਣਾ, ਡਾ. ਲਛਮਣ ਸਿੰਘ ਭਗਤੂਆਣਾ ਆਦਿ ਹਾਜ਼ਰ ਸਨ।