ਲਖਵਿੰਦਰ ਸਿੰਘ
ਮਲੋਟ,10 ਅਪਰੈਲ
ਮਲੋਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਇਕ ਸਮਾਜਸੇਵੀ ਮਹਿਲਾ ਡਾਕਟਰ, ਵਿਧਾਇਕ ਅਤੇ ਫਿਰ ਮੰਤਰੀ ਬਣਨ ਤੋਂ ਬਾਅਦ ਵੀ ਉਹ ਆਪਣੇ ਦਿਲ ਵਿੱਚ ਗ਼ਰੀਬ ਅਤੇ ਆਮ ਵਰਗ ਲਈ ਤੜਪ ਰੱਖਦੀ ਹੈ। ਵੱਡੇ ਅਹੁਦੇ ਦੇ ਸੁੱਖ ਤੇ ਅਰਾਮ ਤੋਂ ਦੂਰ, ਕੈਬਨਿਟ ਮੰਤਰੀ ਨੇ ਤਿੱਖੜ ਦੁਪਹਿਰੇ ਗਲੀਆਂ ਵਿੱਚ ਪੈਦਲ ਚੱਲ ਕੇ ਆਮ ਘਰਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀਆਂ ਦੁੱਖ- ਤਕਲੀਫਾਂ ਅਤੇ ਮੁਸ਼ਕਿਲਾਂ ਨੂੰ ਸੁਣਿਆ। ਉਹ ਗਲੀਆਂ ਵਿੱਚੋਂ ਹੂਟਰ ਮਾਰਦੀਆਂ ਕਾਰਾਂ ਦੇ ਕਾਫ਼ਲਿਆਂ ਦੇ ਸ਼ੋਰ-ਸ਼ਰਾਬੇ ਨਾਲ ਨਹੀਂ, ਸਗੋਂ ਪੈਦਲ ਚੱਲ ਕੇ ਗਲੀਆਂ ਵਿੱਚ ਘੁੰਮੇ। ਇਸ ਤੋਂ ਪਹਿਲਾਂ, ਇਸ ਤਰ੍ਹਾਂ ਨਹੀਂ ਸੀ, ਜੇ ਕੋਈ ਮੰਤਰੀ ਜਾਂ ਵਿਧਾਇਕ ਆਉਂਦਾ ਵੀ ਸੀ ਤਾਂ ਨਾਲ ਘੁੰਮਦੇ-ਲਾਮ ਲਸ਼ਕਰ ਕਰਕੇ ਆਮ ਲੋਕਾਂ ਦੀ ਪਹੁੰਚ ਵਿੱਚ ਨਹੀਂ ਹੁੰਦਾ ਸੀ। ਡਾ. ਬਲਜੀਤ ਕੌਰ ਕੱਲ੍ਹ ਬੁਰਜਾਂ ਵਾਲੇ ਫਾਟਕ ਦੇ ਨੇੜੇ ਸਥਿਤ ਪੱਛੜੇ ਖੇਤਰ ਵਿਚ ਪਹੁੰਚੇ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਸੁਣ ਕੇ ਨਾਲ ਮੌਜੂਦ ਅਧਿਕਾਰੀਆਂ ਨੂੰ ਜਲਦੀ ਹੱਲ ਕਰਨ ਦੀ ਹਦਾਇਤ ਕੀਤੀ। ਡਾਕਟਰ ਬਲਜੀਤ ਕੌਰ ਦੇ ਇਸ ਨਿਵੇਕਲੇ ਅੰਦਾਜ਼ ਤੋਂ ਖੇਤਰ ਦੇ ਲੋਕ ਪ੍ਰਭਾਵਿਤ ਹਨ ਤੇ ਖੁਸ਼ ਵੀ ਹਨ। ਉਹ ਆਪਣੀਆਂ ਕਈ ਮੀਟਿੰਗਾਂ ਵਿੱਚ ਵੀ ਇਹ ਗੱਲ ਸਾਫ-ਸਾਫ ਕਹਿ ਚੁੱਕੇ ਹਨ ਕਿ ਉਹ ਉੜੇ-ਥੁੜੇ ਲੋਕਾਂ ਦਾ ਸਹਾਰਾ ਬਣਨਗੇ। ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਰੁਝੇਵੇਂ ਭਾਵੇਂ ਕਿਨ੍ਹੇ ਵੀ ਹੋਣ, ਉਹ ਮਲੋਟ ਨਾਲ ਹਰ ਵੇਲੇ ਜੁੜੇ ਰਹਿੰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਰਮੇਸ਼ ਅਰਨੀਵਾਲਾ, ਪਰਮਜੀਤ ਸਿੰਘ ਗਿੱਲ, ਜਸਮੀਤ ਸਿੰਘ ਬਰਾੜ ਆਦਿ ਹਾਜ਼ਰ ਸਨ।