ਪੱਤਰ ਪ੍ਰੇਰਕ
ਗਿੱਦੜਬਾਹਾ, 8 ਫਰਵਰੀ
ਮਲੋਟ ਤੋਂ ਵਾਇਆ ਥਰਾਜਵਾਲਾ ਬਰਾਸਤਾ ਗਿੱਦੜਬਾਹਾ ਆ ਰਹੀ ਸੰਦੀਪ ਬੱਸ ਸਰਵਿਸ ਦੀ ਕੰਪਨੀ ਦੀ ਮਿੰਨੀ ਬੱਸ (ਨੰਬਰ ਪੀ.ਬੀ.04/ਏਡੀ 7149) ਸਟੀਅਰਿੰਗ ਖੁੱਲ੍ਹਣ ਕਾਰਨ ਖੇਤਾਂ ਵਿੱਚ ਪਲਟ ਗਈ। ਇਸ ਹਾਦਸੇ ਵਿਚ 10 ਦੇ ਕਰੀਬ ਸਵਾਰੀਆਂ ਜਖਮੀ ਹੋ ਗਈਆਂ, ਜਿਨ੍ਹਾਂ ਨੂੰ ਸ੍ਰੀ ਵਿਵੇਕ ਆਸ਼ਰਮ ਸ਼ਮਿੰਦਰ ਸਿੰਘ ਮੰਗਾ ਤੇ ਰਾਹਤ ਫਾਊਂਡੇਸ਼ਨ ਕਾਲਾ ਚੌਧਰੀ ਵੱਲੋਂ 108 ਐਂਬੂਲੈਂਸਾਂ ਰਾਹੀਂ ਇਲਾਜ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਗਿੱਦੜਬਾਹਾ ਦੇ ਡੀਐੱਸਪੀ ਨਰਿੰਦਰ ਸਿੰਘ ਅਤੇ ਐੱਸਐੱਚਓ ਮਨਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਬੱਸ ਸਵਾਰਾਂ ਨੇ ਦੱਸਿਆ ਕਿ ਬੱਸ ਵਿਚ ਕਰੀਬ 20 ਸਵਾਰੀਆਂ ਸਨ ਅਤੇ ਬੱਸ ਅਜੇ ਗਿੱਦੜਬਾਹਾ ਤੋਂ ਕਰੀਬ 2 ਕਿਲੋਮੀਟਰ ਦੂਰ ਸੀ ਤਾਂ ਅਚਾਨਕ ਬੱਸ ਦੇ ਸਟੀਅਰਿੰਗ ਖੁੱਲ੍ਹ ਗਿਆ ਅਤੇ ਬੱਸ ਬੇਕਾਬੂ ਹੁੰਦੀ ਹੋਈ ਖੇਤਾਂ ਵਿਚ ਜਾ ਕੇ ਪਲਟ ਗਈ। ਇਸ ਹਾਦਸੇ ਵਿੱਚ ਅਵਤਾਰ ਸਿੰਘ ਪੁੱਤਰ ਗੁਰਰਾਜ ਸਿੰਘ, ਪ੍ਰੀਤੋ ਪਤਨੀ ਗੁਰਦੇਵ ਸਿੰਘ, ਰਾਜ ਕੌਰ ਪਤਨੀ ਜਗਮੀਤ ਸਿੰਘ, ਇਕਬਾਲ ਖਾਨ ਪੁੱਤਰ ਉਦਮ ਰਹਿਮਾਨ, ਮਨਦੀਪ ਕੌਰ ਪਤਨੀ ਗੁਰਭੇਜ ਸਿੰਘ, ਜਸਵਿੰਦਰ ਕੌਰ ਪਤਨੀ ਮੰਦਰ ਸਿੰਘ, ਲਵਜੋਤ ਸਿੰਘ ਪੁੱਤਰ ਗੁਰਤੇਜ਼ ਸਿੰਘ, ਗੁਰਨਾਮ ਸਿੰਘ ਪੁੱਤਰ ਦਲੀਪ ਸਿੰਘ, ਗਗਨਦੀਪ ਸਿੰਘ ਪੁੱਤਰ ਮੰਦਰ ਸਿੰਘ, ਜਸਮੀਤ ਕੌਰ ਵਾਸੀ ਥਰਾਜਵਾਲਾ ਅਤੇ ਜਗਮੀਤ ਕੌਰ ਜ਼ਖ਼ਮੀ ਹੋ ਗਏ। ਡਾ. ਹਰਸ਼ ਗਰਗ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਅਤੇ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹਨ।