ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ
ਕਰੋਨਾ ਕਾਰਨ ਹੋਏ ਲੌਕਡਾਊਨ ਕਾਰਨ ਬੀਤੇ ਕਰੀਬ 6 ਮਹੀਨਿਆਂ ਤੋਂ ਸਿਨੇਮੇ ਬਿਲਕੁਲ ਬੰਦ ਹਨ ਜਿਸ ਕਰਕੇ ਸਿਨੇਮਿਆਂ ਦੇ ਮਾਲਕਾਂ ਤੇ ਪ੍ਰਬੰਧਕਾਂ ਨੂੰ ਭਾਰੀ ਘਾਟਾ ਤੇ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ ਪਰ ਹੁਣ ਸਰਕਾਰ ਨੇ ਸਿਨੇਮਿਆਂ ਨੂੰ ਲੱਖਾਂ ਰੁਪਏ ਦੇ ਬਿੱਲ ਭੇਜਕੇ ਹੋਰ ਵੱਡੀ ਸਮੱਸਿਆ ਖੜ੍ਹਈ ਕਰ ਦਿੱਤੀ ਹੈ। ਮੁਕਤਸਰ ਦੇ ਸਿਨੇਮਾ ਉਦਯੋਗ ਨਾਲ ਜੁੜੇ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਕਰੋਨਾ ਹਦਾਇਤਾਂ ਜਾਰੀ ਕਰਕੇ ਉਹ ਸਿਨੇਮਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਸਿਨੇਮਾ ਮਾਲਕਾਂ ‘ਤੇ ਹੋਰ ਬੋਝ ਪਾਇਆ ਜਾ ਰਿਹਾ ਹੈ ਅਤੇ ਸਿਨੇਮਾ ਮਾਲਕਾਂ ਨੂੰ ਐਵਰੇਜ ਆਧਾਰ ‘ਤੇ ਬਿੱਲ ਭੇਜੇ ਜਾ ਰਹੇ ਹਨ। ਇਸ ਮੌਕੇ ਸਥਾਨਕ ਐੱਸ ਆਰ ਐੱਸ ਸਿਨੇਮਾ ਦਾ ਬਿੱਲ ਵਿਖਾਉਂਦਿਆ ਉਨ੍ਹਾਂ ਦੱਸਿਆ ਕਿ 6 ਮਹੀਨੇ ਤੋਂ ਸਿਨੇਮੇ ਬਿਲਕੁਲ ਬੰਦ ਪਏ ਹਨ, ਸਕਿਓਰਿਟੀ ਗਾਰਡ ਵਾਲੇ ਕਮਰੇ ‘ਚ ਇੱਕ ਪੱਖਾ ਅਤੇ ਇੱਕ ਲਾਈਟ ਚੱਲ ਰਹੀ ਹੈ। ਹਫਤਾ ਪਹਿਲਾਂ ਵੀ ਉਨ੍ਹਾਂ ਦੋ ਲੱਖ ਰੁਪਏ ਬਿੱਲ ਭਰਿਆ ਹੈ ਪਰ ਹੁਣ ਕਰੀਬ ਸਵਾ 4 ਲੱਖ ਰੁਪਏ ਬਿੱਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਕਿਉਂਕਿ ਪਹਿਲਾ ਤੋਂ ਹੀ ਬੰਦ ਸਿਨੇਮਾ ਉਦਯੋਗ ਨੂੰ ਇਸ ਤਰ੍ਹਾਂ ਹੋਰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ।