ਜਸਵੰਤ ਜੱਸ
ਫ਼ਰੀਦਕੋਟ, 23 ਜਨਵਰੀ
ਇੱਥੇ ਸਾਦਿਕ ਰੋਡ ’ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਬਾਹਰ ਬਣੇ ਲੱਕੜ ਦੇ ਖੋਖਿਆਂ ਨੂੰ ਰਾਤ ਕਰੀਬ 11 ਵਜੇ ਅੱਗ ਲੱਗ ਗਈ। ਅੱਗ ਲੱਗਣ ਨਾਲ ਛੇ ਖੋਖੇ ਅਤੇ ਇਨ੍ਹਾਂ ਵਿਚਲਾ ਸਾਮਾਨ ਸੜਕ ਕੇ ਸੁਆਹ ਹੋ ਗਿਆ। ਅੱਗ ਬੁਝਾਊ ਦਸਤੇ ਨੇ ਢਾਈ ਘੰਟਿਆਂ ਬਾਅਦ ਇਸ ਅੱਗ ’ਤੇ ਕਾਬੂ ਪਾਇਆ। ਪਰ ਇਹ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਅੱਗ ਵਿੱਚ ਕਰੀਬ 12 ਲੱਖ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਅੱਗ ਦੀ ਲਪੇਟ ਵਿੱਚ ਆਏ ਇਹ ਖੋਖੇ ਹਸਪਤਾਲ ਦੇ ਗੇਟ ਤੋਂ ਮਹਿਜ਼ ਦਸ ਗਜ਼ ਦੀ ਦੂਰੀ ’ਤੇ ਹਨ ਜਦੋਂਕਿ ਹਸਪਤਾਲ ਦਾ ਐਮਰਜੈਂਸੀ ਵਿਭਾਗ ਇਨ੍ਹਾਂ ਖੋਖਿਆਂ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਨ੍ਹਾਂ ਖੋਖਿਆਂ ਨੂੰ ਅਣ-ਅਧਿਕਾਰਤ ਤਰੀਕੇ ਨਾਲ ਪ੍ਰਵਾਨਗੀ ਦਿੱਤੀ ਹੋਈ ਸੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਖੋਖਿਆਂ ਵਿੱਚ ਫ਼ਲ, ਜੂਸ, ਚਾਹ-ਪਾਣੀ ਅਤੇ ਫਾਸਟ ਫੂਡ ਆਦਿ ਸਾਮਾਨ ਵੇਚਿਆ ਜਾਂਦਾ ਸੀ। ਇੱਕ ਖੋਖੇ ਦੇ ਮਾਲਕ ਰਾਕੇਸ਼ ਕੁਮਾਰ ਨੇ ਕਿਹਾ ਕਿ ਅੱਗ ਲੱਗਣ ਨਾਲ ਖੋਖਿਆਂ ਵਿੱਚ ਪਏ ਜੈਨੇਰੇਟਰ, ਇਨਵਰਟਰ, ਗੈਸ ਚੁੱਲ੍ਹੇ ਅਤੇ ਹੋਰ ਸਾਮਾਨ ਬੁਰ ਤਰ੍ਹਾਂ ਸੜ ਗਿਆ।
ਥਾਣਾ ਸਿਟੀ ਫ਼ਰੀਦਕੋਟ ਦੇ ਐੱਸਐੱਚਓ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਸ ਘਟਨਾ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਹਨਾਂ ਕਿਹਾ ਕਿ ਪੁਲੀਸ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕਰ ਰਹੀ ਹੈ।