ਪੱਤਰ ਪ੍ਰੇਰਕ
ਹੰਡਿਆਇਆ, 17 ਅਪਰੈਲ
ਇੱਥੋਂ ਦੇ ਇੱਕ ਪਰਵਾਸੀ ਹਲਵਾਈ ਨਾਲ 25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਸੱਤਿਆ ਨੰਦ ਸਵੀਟਸ ਦੇ ਮਾਲਕ ਸੱਤਿਆ ਨੰਦ ਨੇ ਦੱਸਿਆ ਕਿ ਉਸ ਨੇ ਪਲਾਟ ਲੈਣ ਲਈ ਕੁਝ ਪੈਸੇ ਜੋੜੇ ਸਨ। ਅਚਾਨਕ ਇੱਕ ਦਿਨ ਅੱਡੇ ’ਤੇ ਇੱਕ ਵਿਅਕਤੀ ਕਿਸੇ ਸਮਾਗਮ ਖਾਤਰ ਬੁਕਿੰਗ ਲਈ ਉਸ ਕੋਲ ਆਇਆ। ਉਸ ਨੇ ਗੱਲਾਂ-ਗੱਲਾਂ ’ਚ ਘੋੜਿਆਂ ਦਾ ਵਪਾਰ ਕਰਨ ਦੀ ਗੱਲ ਦੱਸਦਿਆਂ ਆਪਣੀ ਫਰੀਦਕੋਟ ਦੇ ਸ਼ਾਹੀ ਪਰਿਵਾਰ ਨਾਲ ਕਾਰੋਬਾਰੀ ਸਾਂਝ ਦਾ ਵੀ ਜ਼ਿਕਰ ਕੀਤਾ।
ਇਸ ਕੰਮ ’ਚ ਹੁੰਦੇ ਮੋਟੇ ਮੁਨਾਫ਼ੇ ਦੀ ਤਫ਼ਸੀਲ ਸੁਣਾ ਕੇ ਕਿਹਾ ਕਿ ਉਸ ਨੂੰ ਇੱਕ 70 ਲੱਖ ਦੀ ਕੀਮਤ ਦਾ ਘੋੜਾ ਮਿਲ ਰਿਹਾ ਹੈ ਜਿਸ ਨੂੰ ਅੱਗੇ ਉਕਤ ਸ਼ਾਹੀ ਪਰਿਵਾਰ ਨੂੰ ਵੇਚ ਕੇ ਕਰੀਬ 1 ਕਰੋੜ ਰੁਪਏ ਦਾ ਲਾਭ ਕਮਾਇਆ ਜਾ ਸਕਦਾ ਹੈ। ਮੁਨਾਫ਼ੇ ’ਚ ਅੱਧੋ ਅੱਧ ਹਿੱਸੇ ਦੀ ਪੇਸ਼ਕਸ਼ ਕਰਦਿਆਂ 25 ਲੱਖ ਲੈ ਗਿਆ। ਹਲਵਾਈ ਨੇ ਦੱਸਿਆ ਕਿ ਹਫ਼ਤਾ ਲੰਘਣ ’ਤੇ ਜਦੋਂ ਮੁੜ ਉਸ ਵਿਅਕਤੀ ਨਾਲ ਪੈਸਿਆਂ ਦੀ ਪ੍ਰਾਪਤੀ ਲਈ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਘੋੜਾ ਤਾਂ ਤੀਜੇ ਦਿਨ ਹੀ ਚੜ੍ਹਾਈ ਕਰ ਗਿਆ, ਆਖ ਕੇ ਖੁਦ ਨੂੰ ਵੀ ਲੱਖਾਂ ਦੇ ਨੁਕਸਾਨ ਦਾ ਰੋਣਾ ਰੋਣ ਲੱਗ ਪਿਆ। ਹਲਵਾਈ ਨੇ ਦੱਸਿਆ ਕਿ ਉਹ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਣ ’ਤੇ ਸਦਮੇ ’ਚ ਚਲਾ ਗਿਆ ਅਤੇ ਹੁਣ ਉਸ ਨੇ ਇਹ ਹੱਡ ਬੀਤੀ ਨਜ਼ਦੀਕੀਆਂ ਦੇ ਹੌਂਸਲਾ ਦੇਣ ’ਤੇ ਘਟਨਾ ਤੋਂ ਕਰੀਬ 3 ਮਹੀਨੇ ਬਾਅਦ ਉਜਾਗਰ ਕੀਤੀ ਹੈ। ਦੂਸਰੇ ਪਾਸੇ ਇਸ ਮਾਮਲੇ ’ਚ ਸ਼ਾਮਲ ਜਤਿੰਦਰ ਬਾਵਾ ਉਰਫ਼ ਚੈਂਚੀ ਵਾਸੀ ਗਰਚਾ ਰੋਡ ਬਰਨਾਲਾ ਨੇ ਉਸ ਦੇ ਖਿਲਾਫ਼ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਸ ਹਲਵਾਈ ਨੇ ਉਸ ਨਾਲ 11 ਲੱਖ ਦੀ ਠੱਗੀ ਮਾਰੀ ਹੈ।ਪੁਲੀਸ ਅਧਿਕਾਰੀ ਮਹੇਸ਼ਇੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਇੱਕ ਦੂਸਰੇ ਦੇ ਖਿਲਾਫ਼ ਵੱਖੋ-ਵੱਖਰੇ ਦਾਅਵੇ ਕਰ ਰਹੀਆਂ ਹਨ। ਉਨ੍ਹਾਂ ਨੂੰ ਆਪਸੀ ਪੱਧਰ ’ਤੇ ਮਾਮਲਾ ਨਬਿੇੜਨ ਲਈ ਆਖਿਆ ਗਿਆ ਹੈ, ਜਲਦ ਹੀ ਕੋਈ ਫੈਸਲਾ ਨਾ ਹੋਇਆ ਤਾਂ ਦੋਵਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।