ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਮਈ
ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ 20 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਉਤਸ਼ਾਹਤ ਕਰਨ ਦਾ ਐਲਾਨ ਕੀਤਾ ਗਿਆ ਹੈ। ਖੇਤਾਂ ਵਿੱਚ ਚੂਹਿਆਂ ਦੀ ਭਰਮਾਰ ਕਾਰਨ ਕਿਸਾਨਾਂ ਵੱਲੋਂ ਬਹੁਤੀ ਦਿਲਚਸਪੀ ਨਾ ਦਿਖਾਉਣ ਕਾਰਨ ਖੇਤੀਬਾੜੀ ਵਿਭਾਗ ਦੀਆਂ ਉਮੀਦਾਂ ਕਰੰਡ ਹੋਣ ਲੱਗੀਆਂ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਦੌਰਾਨ ਸੂਬੇ ਦੇ ਵਧੀਕ ਮੁੱਖ ਸਕੱਤਰ ਖੇਤੀਬਾੜੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਚੂਹਿਆਂ ਨੂੰ ਮਾਰਨ ਦੀ ਕਿਸਾਨਾਂ ਨੂੰ ਮੁਫ਼ਤ ਦਵਾਈ ਦਿੱਤਾ ਜਾ ਰਹੀ ਹੈ। ਖੇਤੀਬਾੜੀ ਵਿਭਾਗ ਨੂੰ ਵੀ ਵਿਸ਼ੇਸ਼ ਮੁਹਿੰਮ ਵਿੱਢਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਪਿੰਡ ਖੋਸਾ ਰਣਧੀਰ ਦੇ ਕਿਸਾਨ ਠਾਕਰ ਸਿੰਘ ਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਪਿਛਲੇ ਵਰ੍ਹੇ ਸਿੱਧੀ ਬਿਜਾਈ ਕੀਤੀ ਸੀ ਪਰ ਝੋਨੇ ਦੇ ਝਾੜ ਵਿੱਚ ਕਾਫ਼ੀ ਘਾਟਾ ਪਿਆ ਹੈ। ਉਨ੍ਹਾਂ ਨੂੰ ਮਗਰੋਂ ਮਜਬੂਰਨ ਪਨੀਰੀ ਨਾਲ ਮੁੜ ਝੋਨਾ ਲਾਉਣਾ ਪਿਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਸਿੱਧੀ ਬਿਜਾਈ ਦੀ ਥਾਂ ਢਾਂਚੇ ਦਾ ਬੀਜ ਮੁਫ਼ਤ ਦਿੱਤਾ ਜਾਵੇ, ਜਿਸ ਨਾਲ ਕਿਸਾਨ ਆਪਣੇ-ਆਪ ਪਛੇਤਾ ਝੋਨਾ ਲਾਉਣਗੇ। ਉਨ੍ਹਾਂ ਕਿਹਾ ਕਿ ਪਰਾਲੀ ਕਾਰਨ ਖੇਤਾਂ ਵਿੱਚ ਚੂਹਿਆਂ ਦੀ ਭਰਮਾਰ ਹੈ, ਜੋ ਉਗਦੇ ਝੋਨੇ ਨੂੰ ਹੀ ਕੁਤਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਖੇਤ ਵਿੱਚ ਚੰਗੀ ਤਰ੍ਹਾਂ ਵਹਾਈ ਕਰਨ ਤੋਂ ਬਾਅਦ ਪਾਣੀ ਖੜ੍ਹਾ ਕਰਕੇ ਕੱਦੂ ਕੀਤਾ ਜਾਂਦਾ ਸੀ। ਜਿਸ ਕਾਰਨ ਚੂਹਿਆਂ ਦੀਆਂ ਖੁੱਡਾਂ ਖਤਮ ਹੋ ਜਾਂਦੀਆਂ ਸਨ ਤੇ ਨੁਕਸਾਨ ਵੀ ਘੱਟ ਹੁੰਦਾ ਸੀ ਪਰ ਹੁਣ ਸਿੱਧੀ ਬਿਜਾਈ ਕਾਰਨ ਖੇਤਾਂ ’ਚ ਚੂਹਿਆਂ ਦੀ ਸਮੱਸਿਆ ਵਧ ਗਈ ਹੈ। ਇਸ ਲਈ ਚੂਹਿਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਸੂਬੇ ’ਚ ਝੋਨੇ ਦੀ ਲਵਾਈ ਲਈ ਪਰਵਾਸੀ ਮਜ਼ਦੂਰਾਂ ਦੀ ਘਾਟ ਦਾ ਡਰ ਸਤਾਉਣ ਲੱਗਿਆ ਹੈ। ਕਣਕ ਦੀ ਵਾਢੀ ਦੇ ਮੁਕਾਬਲੇ ਝੋਨੇ ਦੀ ਲਵਾਈ ਦਾ ਕੰਮ ਪਰਵਾਸੀ ਮਜ਼ਦੂਰਾਂ ’ਤੇ ਜ਼ਆਦਾ ਨਿਰਭਰ ਹੈ।
ਖੇਤੀ ਵਿਗਿਆਨੀ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ’ਚ ਫ਼ਸਲ ਉੱਗਣ ਵੇਲੇ ਚੂਹਿਆਂ ਦੀ ਰੋਕਥਾਮ ਲਈ ਇੱਕ ਦਿਨ ਪਹਿਲਾਂ ਸ਼ਾਮ ਨੂੰ ਖੇਤਾਂ ਵਿਚਲੀਆਂ, ਵੱਟਾਂ ਉਪਰਲੀਆਂ ਤੇ ਆਲੇ ਦੁਆਲੇ ਦੀਆਂ ਸਾਰਿਆਂ ਚੂਹਿਆਂ ਦੀਆਂ ਖੁੱਡਾਂ ਦੇ ਮੂੰਹ ਮਿੱਟੀ ਨਾਲ ਬੰਦ ਕਰ ਦਿਉ ਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੁੱਡਾਂ ’ਚ ਜ਼ਹਿਰੀਲਾ ਚੋਗ ਕਾਗਜ਼ ਦੀਆਂ ਢਿੱਲੀਆਂ ਪੁੜੀਆਂ ਵਿੱਚ ਹਰ ਖੁੱਡ ’ਚ ਰੱਖਣ ਨਾਲ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ’ਚ ਵਰਤੇ ਗਏ ਦਾਣਿਆਂ ਦੇ ਸੁਆਦ ਤੇ ਮਹਿਕ ਉਪਰ ਨਿਰਭਰ ਕਰਦਾ ਹੈ।