ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 10 ਜੂਨ
ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਮਨਰੇਗਾ ਮਜ਼ਦੂਰਾਂ ਨੇ ਮਨਰੇਗਾ ਕਾਨੂੰਨਾਂ ਦੀ ਪਾਰਦਰਸ਼ਤਾ ਦੀ ਬਹਾਲੀ, ਨੁਕਸ ਦੂਰ ਕਰਕੇ ਕੰਮ ਅਤੇ ਭੁਗਤਾਨ ਕਾਨੂੰਨ ਅਨੁਸਾਰ ਲਾਗੂ ਕਰਨ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ| ਇਸ ਮੌਕੇ ਯੂਨੀਅਨ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਬੋਹੜ ਸਿੰਘ ਸੁਖਨਾ, ਹਰਲਾਭ ਸਿੰਘ, ਪ੍ਰਗਟ ਸਿੰਘ ਸੁਖਨਾ, ਹਰਵਿੰਦਰ ਸਿੰਘ ਲੰਬੀ ਹੋਰਾਂ ਨੇ ਕਿਹਾ ਕਿ ਮਨਰੇਗਾ ਵਿੱਚ ਬਹੁਤ ਸਾਰੀਆਂ ਊਣਤਾਈਆਂ ਹਨ ਜਿਸ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ ਪਰ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਬੈਠਾ ਹੈ| ਕੁਝ ਸ਼ਰਾਰਤੀ ਲੋਕ ਇਨ੍ਹਾਂ ਨੁਕਸਾਂ ਦੀ ਵਜ੍ਹਾ ਕਰਕੇ ਗੈਰਕਾਨੂੰਨੀ ਤੌਰ ’ਤੇ ਕਮਾਈ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਕਈ ਮਸਲੇ ਲਿਆਂਦੇ ਹਨ ਜਿਸ ਵਿੱਚ ਗੈਰ-ਮਨਰੇਗਾ ਮਜ਼ਦੂਰਾਂ ਦੇ ਖਾਤਿਆਂ ਵਿੱਚ ਪੈਸੇ ਪਾਏ ਗਏ ਸਨ ਅਤੇ ਕਈ ਵਾਰ ਤਾਂ ਮ੍ਰਿਤਕਾਂ ਦੇ ਖਾਤਿਆਂ ਵਿੱਚ ਵੀ ਪੈਸੇ ਜਾਂਦੇ ਰਹੇ ਹਨ| ਉਨ੍ਹਾਂ ਕਿਹਾ ਕਿ ਪਰ ਇਸ ਸਬੰਧੀ ਕੋਈ ਹੱਲ ਨਹੀਂ ਕੀਤਾ ਗਿਆ| ਮਨਰੇਗਾ ਕਾਮਾ ਸੂਬੇ ਅੰਦਰ ਖੇਤੀਬਾੜੀ ਵਿੱਚ ਬਿਨ੍ਹਾਂ ਰੋਟੀ ਮਜ਼ਦੂਰੀ ਰੇਟ 372 ਰੁਪਏ ਲੈਣ ਦਾ ਹੱਕਦਾਰ ਹੈ, ਪਰ ਉਸਨੂੰ 90 ਰੁਪਏ ਘੱਟ ਦਿੱਤੇ ਜਾਂਦੇ ਹਨ| ਬਾਅਦ ਵਿੱਚ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ |
ਮਨਰੇਗਾ ਮਿਹਨਤਾਨੇ ਅਤੇ ਫੰਡਾਂ ਦੀ ਜਾਂਚ ਮੰਗੀ
ਮਲੋਟ (ਨਿੱਜੀ ਪੱਤਰ ਪ੍ਰੇਰਕ): ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕਾਕਾ ਸਿੰਘ ਦੀ ਅਗਵਾਈ ਹੇਠ ਪਿੰਡ ਖੁੰਡੇ ਹਲਾਲ ਦੇ ਇੱਕ ਦਰਜਨ ਮਗਨਰੇਗਾ ਮਜ਼ਦੂਰ ਅੱਜ ਡੀਐਸਪੀ ਮਲੋਟ ਜਸਪਾਲ ਸਿੰਘ ਢਿੱਲੋਂ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ ਅਤੇ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਲਾਕਡਾਊਨ ਦੌਰਾਨ ਪਿੰਡ ਵਿੱਚ ਮਗਨਰੇਗਾ ਤਹਿਤ ਕੰਮ ਕੀਤਾ ਸੀ, ਪਰ ਅੱਜ ਤੱਕ ਉਨ੍ਹਾਂ ਨੂੰ ਮਿਹਨਤਾਨਾ ਨਹੀਂ ਮਿਲਿਆ। ਜਦੋਂ ਉਹ ਸਰਪੰਚ ਕੋਲ ਆਪਣੀ ਮੰਗ ਰੱਖਦੇ ਹਨ ਤਾਂ ਉਨ੍ਹਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਸਰਪੰਚ ਹੰਸ ਰਾਜ ਨੇ ਉਨ੍ਹਾਂ ਖਿਲਾਫ਼ ਮਲੋਟ ਪੁਲੀਸ ਨੂੰ ਦਰਖ਼ਾਸਤ ਦਿੱਤੀ ਹੈ। ਇਸ ਲਈ ਉਹ ਡੀਐੱਸਪੀ ਮਲੋਟ ਨੂੰ ਮਿਲਣ ਲਈ ਪਹੁੰਚੇ ਸਨ। ਕਾਕਾ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿਚ ਸਰਕਾਰੀ ਫੰਡਾਂ ਵਿੱਚ ਕਥਿਤ ਵੱਡਾ ਘਾਲਾ ਮਾਲਾ ਹੋਇਆ ਹੈ, ਜਿਸ ਦੀ ਪੜਤਾਲ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਧਿਆਨ ਵਿੱਚ ਵੀ ਸਾਰਾ ਮਾਮਲਾ ਲਿਆਂਦਾ ਸੀ, ਪਰ ਹਾਲੇ ਤੱਕ ਪੜਤਾਲ ਨਹੀਂ ਕੀਤੀ ਗਈ। ਉਧਰ, ਪਿੰਡ ਦੇ ਸਰਪੰਚ ਹੰਸ ਰਾਜ ਨੇ ਕਿਹਾ ਕਿ ਉਸ ’ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ, ਪੜਤਾਲ ਹੋਵੇ ਤਾਂ ਉਹ ਸਹਿਯੋਗ ਕਰਨਗੇ। ਇਸ ਮੌਕੇ ਬਲਵਿੰਦਰ ਸਿੰਘ, ਤੇਜਿੰਦਰ ਸਿੰਘ, ਮੰਦਰ ਸਿੰਘ, ਹਰਪ੍ਰੀਤ ਸਿੰਘ ਨਿੱਕਾ ਆਦਿ ਆਗੂ ਹਾਜ਼ਰ ਸਨ।