ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਮਈ
ਮੋਗਾ ਵਿੱਚ ਮਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਅਗਵਾਈ ਹੇਠ ਹਜ਼ਾਰਾਂ ਮਨਰੇਗਾ ਕਾਮਿਆਂ ਵੱਲੋਂ ਡੀਸੀ ਦਫ਼ਤਰ ਮੋਗਾ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸਰਪੰਚ ਨੇ ਇਸ ਧਰਨੇ ਨੂੰ ਸੰਬੋਧਨ ਦੌਰਾਨ ਕਿਹਾ ਕਿ ਨਰੇਗਾ (ਪਿੰਡਾਂ ਦੇ ਲੋਕਾਂ ਲਈ ਸੌ ਦਿਨ ਕੰਮ ਦੀ ਗਰੰਟੀ ਦਾ ਕਨੂੰਨ) ਬਣੇ ਨੂੰ ਪੰਦਰਾਂ ਸਾਲ ਤੋਂ ਵਧੇਰੇ ਹੋ ਗਏ ਹਨ ਪਰ ਇਸ ਅਰਸੇ ਦੌਰਾਨ ਰਹੀਆਂ ਅਕਾਲੀ, ਕਾਂਗਰਸ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਤਾਂ ਇਸ ਕਨੂੰਨ ਨੂੰ ਅਣਦੇਖਾ ਕੀਤਾ ਹੀ ਗਿਆ ਸੀ ਪਰ ਮੌਜੂਦਾ ਸਰਕਾਰ ਵੱਲੋਂ ਵੀ ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਲਾਭਪਾਤਰੀ ਨੂੰ ਕੰਮ ਅਤੇ ਭੱਤੇ ਦੀ ਅਰਜ਼ੀ ਦੀ ਰਸੀਦ ਨਾ ਦੇਣਾ, ਕੰਮ ਕਰਨ ਲਈ ਸੰਦ (ਕਹੀਆਂ ਕੜਾਹੀਏ) ਆਦਿ ਨਾ ਦੇਣਾ, ਕੀਤੇ ਕੰਮ ਦੇ ਪੈਸੇ ਪੂਰੇ ਅਤੇ ਸਮੇਂ ਸਿਰ ਨਾ ਦੇਣਾ, ਕਾਮਿਆਂ ਨੂੰ ਕੰਮ ਕਨੂੰਨ ਅਨੁਸਾਰ ਨਾ ਦੇ ਕੇ ਖੱਜਲ ਖੁਆਰ ਕਰਨਾ ਆਦਿ ਵਰਤਾਰਾ ਉਸੇ ਤਰ੍ਹਾਂ ਜਾਰੀ ਹੈ।
ਜਥੇਬੰਦੀ ਦੇ ਜ਼ਿਲ੍ਹਾ ਸਲਾਹਕਾਰ ਕੁਲਦੀਪ ਸਿੰਘ ਭੋਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਕਰਵਾ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮਨਰੇਗਾ ਨੂੰ ਕਨੂੰਨੀ ਅਧਾਰ ਉੱਤੇ ਲਾਗੂ ਕਰਨ ’ਚ ਆੜਿਕਾ ਬਣਨ ਅਤੇ ਪੇਮਟਾਂ ਲੇਟ ਤੇ ਉਜ਼ਰਤ ਰੇਟ ਤੋਂ ਘੱਟ ਪਾਉਣ ਵਾਲੇ ਅਧਿਕਾਰੀ ਕਰਮਚਾਰੀਆਂ ਵਿਰੁੱਧ ਵੀ ਮਨਰੇਗਾ ਕਨੂੰਨ ਦੀਆਂ ਬਣਦੀਆਂ ਧਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਜਥੇਬੰਦੀ ਦੇ ਵਫਦ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਮੀਟਿੰਗ ਕਰਕੇ ਮਨਰੇਗਾ ਸਬੰਧੀ ਸਾਰੀ ਰਿਪੋਰਟ ਲੈਣਗੇ ਅਤੇ ਸਾਰੇ ਮਸਲੇ ਹੱਲਾ ਕੀਤੇ ਜਾਣਗੇ। ਇਸ ਮੌਕੇ ਜਗਜੀਤ ਸਿੰਘ ਧੂੜਕੋਟ,ਕਰਮਵੀਰ ਕੌਰ ਬੱਧਨੀ, ਜਬਰਜੰਗ ਸਿੰਘ ਮਹੇਸ਼ਰੀ,ਗੁਰਦਿੱਤ ਸਿੰਘ ਦੀਨਾ,ਸਰਬਜੀਤ ਕੌਰ ਬੁਧ ਸਿੰਘ ਵਾਲਾ,ਮੰਗਤ ਸਿੰਘ ਬੁੱਟਰ,ਬਿੰਦਰ ਸਿੰਘ ਝੰਡੇਵਾਲਾ,ਕਮਲੇਸ਼ ਸਿੰਘ ਫਿਰੋਜਵਾਲ, ਬਿੰਦਰ ਕੌਰ ਗਲੋਟੀ,ਗੁਰਨਾਮ ਸਿੰਘ ਮਾਹਲਾ, ਸਤਨਾਮ ਸਿੰਘ ਠੱਠੀ, ਦਰਸ਼ਨ ਕੌਰ ਦੌਲਤਪੁਰਾ ਆਦਿ ਆਗੂ ਵੀ ਹਾਜ਼ਰ ਸਨ।