ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ
ਅਤਿ ਦੀ ਗਰਮੀ ਵਿੱਚ ਸੈਂਕੜੇ ਖੇਤ ਮਜ਼ਦੂਰਾਂ ਅਤੇ ਮਨਰੇਗਾ ਕਾਮਿਆਂ ਨੇ ਭੱਖਦੀਆਂ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਣਾ ਸੀ ਪਰ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਕਾਰਣ ਖੇਤ ਮਜ਼ਦੂਰਾਂ ਨੇ ਸੜਕ ਜਾਮ ਕਰਕੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਜ਼ਦੂਰਾਂ ਨੇ ਡੀਸੀ ਦਫ਼ਤਰ ਘੇਰ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਰੱਦ ਕੀਤੀਆਂ ਜਾਣ, ਮਜ਼ਦੂਰਾਂ ਦੇ ਬਾਰਿਸ਼ਾਂ ਕਾਰਣ ਡਿੱਗੇ ਘਰਾਂ ਦਾ ਦੋ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਸ਼ੂਆਂ ਲਈ ਸ਼ੈੱਡ ਸਕੀਮ ਦਾ ਲਾਭ ਦਿੱਤਾ ਜਾਵੇ, ਮਨਰੇਗਾ ਕੰਮ ਲਈ 100 ਦਿਨ ਦਾ ਕੰਮ ਦਿੱਤਾ ਜਾਵੇ, ਮਜ਼ਦੂਰਾਂ ਨਾਲ ਦੁਰਵਿਹਾਰ ਕਰਨ ਵਾਲੇ ਮਲੋਟ ਦੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ, ਮੇਟ ਮਨਰੇਗਾ ਵਰਕਰਾਂ ਦੀ ਸਹਿਮਤੀ ਨਾਲ ਨਿਯੁਕਤ ਕੀਤੇ ਜਾਣ, ਮਨਰੇਗਾ ਦਾ ਮਸਟਰੋਲ ਤੁਰੰਤ ਕੱਢਿਆ ਜਾਵੇ, 2016 ਆਏ ਸਾਈਕਲ ਕਿਰਤੀ ਬੱਚਿਆਂ ਨੂੰ ਤਕਸੀਮ ਕੀਤੇ ਜਾਣ, ਐਡਵੋਕੇਟ ਅਨਮੋਲ ਰਤਨ ਨੂੰ ਬਰਖਾਸਤ ਕਰਕੇ ਐਸਟੀ ਐਕਟ ਅਧੀਨ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਕਾਮਰੇਡ ਤਰਸੇਮ ਲਾਲ ਤਹਿਸੀਲ ਸਕੱਤਰ ਸੀਪੀਐਮ ਮੁਕਤਸਰ, ਸੀਟੂ ਆਗੂ ਕਾਮਰੇਡ ਇੰਦਰਜੀਤ, ਸੀਟੂ ਦੇ ਜ਼ਿਲ੍ਹਾ ਇੰਚਾਰਜ਼ ਐਡਵੋਕੇਟ ਦਵਿੰਦਰ ਸਿੰਘ ਕੋਟਲੀ, ਤੋਤਾ ਸਿੰਘ ਚੱਕ ਸ਼ੇਰੇਵਾਲਾ, ਰਾਜ ਕੁਮਾਰ, ਸੁਖਲਾਲ ਕੌੜਿਆਂਵਾਲੀ, ਲਛਮਣ ਸਿੰਘ ਲੰਡੇਰੋਡੇ, ਮੇਜਰ ਸਿੰਘ ਸੀਰਵਾਲੀ, ਸੁਖਦੇਵ ਸਿੰਘ ਰੁਪਾਣਾ, ਆਰਤੀ ਕੌਰ ਧਿਗਾਣਾ, ਮੱਖਣ ਸਿੰਘ, ਕੁੰਦਨ ਸਿੰਘ ਧਿਗਾਣਾ, ਰਮਨਦੀਪ ਕੌਰ ਅਤੇ ਬਲਜੀਤ ਕੌਰ ਆਦਿ ਨੇ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਪਿੰਡ ਰੁਪਾਣਾ, ਧਿਗਾਣਾ, ਲੰਡੇਰੋਡੇ, ਲੱਕੜਵਾਲਾ, ਜੰਡਵਾਲਾ, ਮਾਂਗਟਕੇਰ, ਸੀਰਵਾਲੀ, ਚੱਕ ਸ਼ੇਰੇਵਾਲਾ ਅਤੇ ਔਲਖ ਆਦਿ ਪਿੰਡਾਂ ਦੇ ਵੱਡੀ ਗਿਣਤੀ ਮਜ਼ਦੂਰ ਧਰਨੇ ’ਚ ਸ਼ਾਮਿਲ ਹੋਏ। ਅੱਤ ਦੀ ਗਰਮੀ ’ਚ ਮਜ਼ਦੂਰ ਸਵੇਰ ਤੋਂ ਲੈ ਕੇ ਕਰੀਬ ਸਵਾ ਚਾਰ ਵਜੇ ਤੱਕ ਧਰਨੇ ’ਤੇ ਬੈਠੇ ਰਹੇ ਪਰ ਕਿਸੇ ਵੀ ਅਧਿਕਾਰੀ ਨੇ ਸਾਰ ਨਹੀਂ ਲਈ। ਇਸ ਤੋਂ ਧਰਨੇ ’ਤੇ ਪੁੱਜੇ ਤਹਿਸੀਲਦਾਰ ਤੇ ਬੀਡੀਪੀਓ ਵੱਲੋਂ ਮਜ਼ਦੂਰਾਂ ਦਾ ਮੰਗ ਪੱਤਰ ਲੈਂਦਿਆਂ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਮਜ਼ਦੂਰਾਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ। ਪ੍ਰਸ਼ਾਸਨ ਨੇ ਮੁਜ਼ਾਹਰਾਕਾਰੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਜਿਸ ਵਿੱਚ ਮਸਟਰੋਲ ਜਾਰੀ ਕਰਨੇ ਸ਼ਾਮਲ ਹਨ|
ਮਨਰੇਗਾ ਦੀ ਦਿਹਾੜੀ ਨਾ ਮਿਲਣ ਕਾਰਨ ਮਜ਼ਦੂਰਾਂ ’ਚ ਰੋਸ
ਮਲੋਟ (ਨਿੱਜੀ ਪੱਤਰ ਪ੍ਰੇਰਕ): ਪਿੰਡ ਰਾਣੀਵਾਲਾ, ਗੁਰੂਸਰ ਯੋਧਾ ਤੇ ਈਨਾ ਖੇੜਾ ਦੇ ਦਰਜਨਾਂ ਮਨਰੇਗਾ ਮਜ਼ਦੂਰ ਸਮੇਤ ਔਰਤਾਂ, ਮਨਰੇਗਾ ਅਧਿਕਾਰੀ ਮਲੋਟ ਰਛਪਾਲ ਸਿੰਘ ਨੂੰ ਮਿਲੇ ਅਤੇ ਕੰਮਾਂ ਵਿਚ ਆ ਰਹੀਆਂ ਮੁਸਕਲਾਂ ਤੋਂ ਜਾਣੂ ਕਰਵਾਇਆ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਗੁਰਜੰਟ ਸਿੰਘ ਸਾਉਂਕੇ ਨੇ ਦੱਸਿਆ ਕਿ ਮਜ਼ਦੂਰਾਂ ਦੇ ਕੰਮਾਂ ਦੇ ਪੈਸੇ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਆਏ ਤੇ ਜਦ ਮਨਰੇਗਾ ਸੈਕਟਰੀ ਹਰਵਿੰਦਰ ਸਿੰਘ ਨੂੰ ਕੰਮ ਬਦਲੇ ਹਾਜ਼ਰੀ ਲਗਵਾਉਣ ਲਈ ਕਹਿੰਦੇ ਹਨ ਤਾਂ ਉਹ ਅਤੇ ਮੇਟ ਹਾਜ਼ਰੀ ਨਹੀਂ ਲਗਾਉਂਦੇ ਅਤੇ ਮਨਮਰਜ਼ੀ ਕਰਦੇ ਹਨ। ਗੁਰਜੰਟ ਸਿੰਘ ਸਮੇਤ ਹੋਰ ਮਜ਼ਦੂਰਾਂ ਜਸਵਿੰਦਰ ਕੌਰ ਰਾਣੀ ਵਾਲਾ, ਸੂਬਾ ਸਿੰਘ, ਹਰਜੀਤ ਕੌਰ, ਪਰਗਟ ਸਿੰਘ, ਬਲਵਿੰਦਰ ਸਿੰਘ ਅਤੇ ਪਰਕਾਸ਼ ਕੌਰ ਆਦਿ ਨੇ ਦੱਸਿਆ ਕਿ ਜਿੰਨੀਆਂ ਦਿਹਾੜੀਆਂ ਉਨ੍ਹਾਂ ਲਗਾਈਆਂ ਹਨ। ਉਸ ਹਿਸਾਬ ਨਾਲ ਉਹਨਾਂ ਨੂੰ ਪੈਸੇ ਨਹੀਂ ਮਿਲੇ। ਓਧਰ, ਮਨਰੇਗਾ ਅਧਿਕਾਰੀ ਰਛਪਾਲ ਸਿੰਘ ਨੇ ਕਿਹਾ ਜਿਸ ਵੀ ਮਜ਼ਦੂਰ ਨੇ ਜੋ ਕੰਮ ਕੀਤਾ। ਉਸ ਨੂੰ ਉਸ ਦਾ ਬਣਦਾ ਹੱਕ ਜ਼ਰੂਰ ਮਿਲੇਗਾ, ਉਹਨਾਂ ਸਬੰਧਤ ਮੇਟ ਤੇ ਮਨਰੇਗਾ ਸਕੱਤਰ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਕਿ ਕਿਸੇ ਵੀ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਹੋਵੇਗੀ।