ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 14 ਅਗਸਤ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਰਿਹਾਇਸ਼ ਅੱਗੇ ਅੱਜ ਪੀਐੱਸਪੀਸੀਐੱਲ ਵਿੱਚ ਆਉਟਸੋਰਸਿੰਗ ਕੰਮ ਕਰ ਰਹੇ ਮੀਟਰ ਰੀਡਰਾਂ ਵੱਲੋਂ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਵਾਟਰ ਵਰਕਸ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਗਟਾਵਾ ਕੀਤਾ ਗਿਆ। ਮੁਜ਼ਾਹਰਾਕਾਰੀਆਂ ਨੇ ਕੁਲਤਾਰ ਸੰਧਵਾ ’ਤੇ ਵਾਅਦਾਖ਼ਿਲਾਫੀ ਦਾ ਦੋਸ਼ ਲਾਉਂਦਿਆਂ ਆਖਿਆ ਕਿ ਭਗਵੰਤ ਮਾਨ ਦੀ ਸਰਕਾਰ ’ਚ ਉਨ੍ਹਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ।
ਪਿੰਡ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਵਾਟਰ ਵਰਕਸ ਵਿੱਚ ਕੱਚਾ ਮੀਟਰ ਰੀਡਰ ਸਵੇਰੇ 5 ਵਜੇ ਕਰੀਬ 25 ਫੁੱਟ ਉੱਚੀ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਏ ਅਤੇ ਇਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ੍ਹੀਆਂ ਹੋਈਆਂ ਹਨ। ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਦੇਰ ਸ਼ਾਮ ਤੱਕ ਗੱਲਬਾਤ ਸਿਰੇ ਚੜ੍ਹਦੀ ਨਹੀਂ ਦਿੱਸ ਰਹੀ ਸੀ। ਯੂਨੀਅਨ ਦੇ ਸੂਬਾਈ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ ਜਦੋਂ ਉਨ੍ਹਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ ਸੀ ਤਾਂ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਦੇ ਧਰਨੇ ਵਿਚ ਸ਼ਾਮਲ ਹੋ ਕੇ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਮੀਟਰ ਰੀਡਰਾਂ ਨੂੰ ਕੰਪਨੀਆਂ ਦੀ ਬਜਾਏ ਮਹਿਕਮੇ ਅੰਦਰ ਲਿਆ ਜਾਵੇਗਾ ਅਤੇ ਮਹਿਕਮੇ ਅਤੇ ਮੀਟਰ ਰੀਡਰਾਂ ਦੀ ਹੁੰਦੀ ਆਰਥਿਕ ਲੁੱਟ ਰੋਕੀ ਜਾਵੇਗੀ। ਉਨ੍ਹਾਂ ਕਿਹਾ ਕਿ 6 ਮਹੀਨੇ ਸਰਕਾਰ ਬਣੀ ਨੂੰ ਹੋ ਚੱਲੇ ਹਨ ਪਰ ਪੰਜਾਬ ਸਰਕਾਰ ਦੇ ਕੰਨ ’ਤੇ ਜੂੰਅ ਤੱਕ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਬੀਤੇ ਦਿਨ ਬਿਜਲੀ ਮੰਤਰੀ ਨਾਲ ਹੋਈਆਂ ਮੀਟਿੰਗਾਂ ’ਚ ਵੀ ਮੰਤਰੀ ਕੰਪਨੀਆਂ ਦਾ ਹੀ ਪੱਖ ਪੂਰਦੇ ਰਹੇ। ਉਨ੍ਹਾਂ ਕਿਹਾ ਕਿ ਠੇਕੇਦਾਰ ਕੰਪਨੀਆਂ ਮੀਟਰ ਰੀਡਿੰਗ ਦਾ ਮਹਿਕੇ ਤੋਂ 9 ਰੁਪਏ ਚਾਰਜ ਕਰਦੀਆਂ ਹਨ ਤੇ ਅੱਗੇ ਮੀਟਰ ਰੀਡਰਾਂ ਨੂੰ ਮਹਿਜ 2 ਰੁਪਏ ਦਿੰਦੀਆਂ ਹਨ ਤੇ ਕਰੀਬ 5 ਤੋਂ 6 ਰੁਪਏ ਦੀ ਸਰਕਾਰ ਦੀ ਲੁੱਟ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਇਹ ਲੁੱਟ ਬੰਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆ ਤਾਂ ਰੋਜ਼ਾਨਾ ਟੈਂਕੀ ਉਪਰ ਸਾਥੀਆਂ ਦੀ ਗਿਣਤੀ ਵਧਦੀ ਜਾਵੇਗੀ।
ਇਸ ਮੌਕੇ ਤਹਿਸੀਲਦਾਰ ਕੋਟਕਪੂਰਾ ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਮੀਟਰ ਰੀਡਰਾਂ ਵੱਲੋਂ ਕਈ ਦਿਨਾਂ ਤੋਂ ਸੰਧਵਾਂ ਵਿੱਚ ਧਰਨਾ ਦਿੱਤਾ ਹੋਇਆ ਹੈ ਤੇ ਅੱਜ ਇਹ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀਆਂ ਜੋ ਵੀ ਮੰਗਾਂ ਨੇ ਉਨ੍ਹਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਸ ਮਸਲੇ ਦਾ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਥਾਣੇਦਾਰ ਦੇ ਮਾੜੇ ਸਲੂਕ ਖ਼ਿਲਾਫ਼ ਕਿਸਾਨਾਂ ਵੱਲੋ ਧਰਨਾ
ਨਥਾਣਾ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸਥਾਨਕ ਥਾਣੇ ਅੱਗੇ ਧਰਨਾ ਦੇ ਕੇ ਥਾਣਾ ਮੁਖੀ ਦੇ ਕਿਸਾਨਾਂ ਪ੍ਰਤੀ ਵਤੀਰੇ ਦੀ ਸਖਤ ਨਿੰਦਾ ਕੀਤੀ ਗਈ। ਯੂਨੀਅਨ ਦੇ ਆਗੂਆਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਜਥੇਬੰਦੀ ਦੇ ਆਗੂ ਥਾਣੇ ਵਿੱਚ ਕਿਸੇ ਕੰਮਕਾਜ ਲਈ ਆਉਂਦੇ ਹਨ ਤਾਂ ਥਾਣਾ ਮੁਖੀ ਦਾ ਵਤੀਰਾ ਕਾਫੀ ਨਿੰਦਨਯੋਗ ਹੁਦਾ ਹੈ। ਬੀਤੇ ਦਿਨ ਹੀ ਥਾਣਾ ਮੁਖੀ ਦੇ ਅਜਿਹੇ ਵਤੀਰੇ ਖ਼ਿਲਾਫ਼ ਜਥੇਬੰਦੀ ਨੇ ਆਪਸੀ ਮੀਟਿੰਗ ਕਰਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਸੀ। ਮੁੱਢਲੇ ਪੜਾਅ ’ਤੇ ਸਥਾਨਕ ਥਾਣੇ ਅੱਗੇ ਧਰਨਾ ਦੇ ਕੇ ਆਗੂਆਂ ਨੇ ਰੋਸ ਦਾ ਪ੍ਰਗਟਾਵਾ ਕੀਤਾ। ਦੁਪਹਿਰ ਤੱਕ ਚੱਲੇ ਇਸ ਧਰਨੇ ’ਚ ਡੀ.ਐੱਸ.ਪੀ ਭੁੱਚੋ ਖੁਦ ਪਹੁੰਚੇ ਤੇ ਦੋਵਾਂ ਧਿਰਾਂ ਨਾਲ ਗੱਲਬਾਤ ਕਰਕੇ ਹਾਲਾਤ ਦਾ ਜਾਇਜ਼ਾ ਲਿਆ। ਬਾਅਦ ਵਿੱਚ ਡੀ.ਐੱਸ.ਪੀ. ਨੇ ਧਰਨੇ ਵਿੱਚ ਪੁੱਜ ਕੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਕਿਸੇ ਵੀ ਮੋਹਤਬਰ ਜਾਂ ਕਿਸਾਨ ਆਗੂ ਨੂੰ ਥਾਣੇ ਵਿੱਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਤੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ।