ਜੋਗਿੰਦਰ ਸਿੰਘ ਮਾਨ
ਮਾਨਸਾ, 14 ਮਈ
ਪੰਜਾਬ ਵਿੱਚ ਅੱਜ ਜੇਠ ਮਹੀਨਾ ਚੜ੍ਹਦਿਆਂ ਹੀ ਖੁਸ਼ਕ ਮੌਸਮ ਅਤੇ ਲਗਾਤਾਰ ਚੱਲ ਰਹੀ ਲੂ ਕਾਰਨ ਲੋਕਾਂ ਦੀ ਜਿੰਦਗੀ ਦਾ ਪਾਰਾ ਹੋਰ ਚੜ੍ਹ ਗਿਆ ਹੈ। ਤੇਜ਼ ਚਮਕਦੀ ਧੁੱਪ ਕਾਰਨ ਘਰਾਂ ’ਚੋਂ ਨਿਕਲਣਾ ਦੁੱਭਰ ਹੋਇਆ ਪਿਆ ਹੈ। ਗਰਮੀ ਤੋਂ ਲੋਕ ਹੋਰ ਤੰਗ ਹੋਣਗੇ, ਕਿਉਂਕਿ ਤਾਪਮਾਨ ਲਗਾਤਾਰ ਵਧ ਰਿਹਾ ਹੈ। ਰਾਜ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਅੱਜ ਤਾਪਮਾਨ 45 ਡਿਗਰੀ ਤੋਂ ਉਪਰ ਰਹਿਣ ਦੇ ਵੇਰਵੇ ਹਾਸਲ ਹੋਏ ਹਨ। ਭਾਰਤ ਦੇ ਮੌਸਮ ਮਹਿਕਮੇ ਨੇ ਲੋਕਾਂ ਲਈ ਸੰਤਰੀ ਚਿਤਾਵਨੀ (ਔਰੇਂਜ ਅਲਰਟ) ਜਾਰੀ ਕਰਦਿਆਂ ਸੁਚੇਤ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਵਿੱਚ ਪਾਰਾ 47 ਡਿਗਰੀ ਸੈਲੀਸੀਅਸ ਤੱਕ ਜਾ ਸਕਦਾ ਹੈ। ਅੱਜ ਪੰਜਾਬ ਦੇ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲੀਸੀਅਸ ਤੇ ਹਰਿਆਣਾ ਦੇ ਹਿਸਾਰ ’ਚ ਪਾਰਾ 46.5 ਡਿਗਰੀ ਸੈਲੀਸੀਅਸ ਤੱਕ ਨੋਟ ਕੀਤਾ ਗਿਆ ਹੈ, ਜਿਸ ਤੋਂ ਜਾਪਦਾ ਹੈ ਕਿ ਇਨ੍ਹਾਂ ਸੂਬਿਆਂ ’ਚ ਗਰਮੀ ਅਗਲੇ ਦਿਨਾਂ ਦੌਰਾਨ ਆਪਣੇ ਰੰਗ ਹੋਰ ਵਿਖਾਏਗੀ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲਟਨ ਅਨੁਸਾਰ ਭਲਕੇ ਐਤਵਾਰ ਨੂੰ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ ਤੇ ਸੋਮਵਾਰ-ਮੰਗਲਵਾਰ ਤੱਕ ਅਸਮਾਨ ’ਤੇ ਬੱਦਲ ਛਾਏ ਰਹਿਣ ਕਾਰਨ ਪਾਰਾ ਕੁਝ ਕੁ ਥੱਲੇ ਆਉਣ ਦੀ ਉਮੀਦ ਬੱਝਣ ਲੱਗੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਭਲਕੇ ਮਾਨਸਾ, ਸੰਗਰੂਰ,ਪਟਿਆਲਾ,ਬਰਨਾਲਾ, ਲੁਧਿਆਣਾ, ਬਠਿੰਡਾ,ਮੋਗਾ,ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਵਿੱਚ ਗਰਮੀ ਦੀ ਲਹਿਰ ਲਗਾਤਾਰ ਬਣੀ ਰਹੇਗੀ, ਜਦੋਂਕਿ 16 ਮਈ ਨੂੰ ਪਠਾਨਕੋਟ,ਗੁਰਦਾਸਪੁਰ,ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਫਿਰੋਜ਼ਪੁਰ ਵਿੱਚ ਗਰਜ਼-ਚਮਕ ਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ 17 ਮਈ ਨੂੰ ਪਟਿਆਲਾ,ਰੂਪ ਨਗਰ, ਫਤਿਹਗੜ੍ਹ ਸਾਹਿਬ, ਐਸਏਐਸ ਨਗਰ,ਨਵਾਂ ਸ਼ਹਿਰ,ਹੁਸ਼ਿਆਰਪੁਰ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਗਰਜ਼-ਚਮਕ ਸਮੇਤ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਤੇਜ਼ ਹਵਾਵਾਂ ਚੱਲ ਦੀ ਸੰਭਾਵਨਾ ਹੈ।ਇਸੇ ਦੌਰਾਨ ਮਾਨਸਾ ਦੇ ਕਾਰਜਕਾਰੀ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਮੌਸਮ ਮਹਿਕਮੇ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਂਦਿਆਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਣਸਰਦੇ ਨੂੰ ਹੀ ਦੁਪਹਿਰ ਵੇਲੇ ਘਰਾਂ ’ਚੋਂ ਬਾਹਰ ਨਿਕਲਣ।
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇਥੇ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਗਰਮੀ ਕਾਰਨ ਪੁੰਗਰਦਾ ਨਰਮਾ ਝੁਲਸ ਰਿਹਾ ਹੈ। ਕਿਸਾਨ ਨਰਮੇ ਦੇ ਪੌਦਿਆਂ ਨੂੰ ਗਿਲਾਸਾਂ ਨਾਲ ਪਾਣੀ ਪਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਰਸਾ ’ਚ ਅੱਜ ਦਿਨ ਤਾ ਤਾਪਮਾਨ 47 ਡਿਗਰੀ ਸੈਲਸਿਅਸ ਤੋਂ ਪਾਰ ਕਰ ਗਿਆ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਗਰਮੀ ਕਾਰਨ ਨਰਮੇ ਦੇ ਪੁੰਗਰਦੇ ਪੌਦੇ ਝੁਲਸ ਰਹੇ ਹਨ।
ਸ਼ਹਿਣਾ (ਪੱਤਰ ਪ੍ਰੇਰਕ) ਇੱਕਦਮ ਗਰਮੀ ਵਧਣ ਕਾਰਨ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਹੋ ਗਏ ਹਨ। ਬਾਜ਼ਾਰਾਂ, ਬੱਸ ਸਟੈਂਡ ਰੋਡ ’ਤੇ ਗਰਮੀ ਕਾਰਨ ਸੁਨਸਾਨ ਪਾਈ ਜਾ ਰਹੀ ਹੈ। ਦੁਕਾਨਦਾਰਾਂ ਮੁਤਾਬਿਕ ਸਵੇਰੇ-ਸ਼ਾਮ ਹੀ ਗਾਹਕ ਹੁੰਦਾ ਹੈ। ਪਾਰਾ 44 ਡਿਗਰੀ ਤੋਂ ਟੱਪ ਗਿਆ ਹੈ। ਗਰਮੀ ਲੱਗਣ, ਲੂੰ ਲੱਗਣ ਦੀਆਂ ਇੱਕਾ ਦੁੱਕਾ ਘਟਨਾਵਾਂ ਵੀ ਹੋਈਆ ਹਨ। ਨੌਜਵਾਨ ਵਰਗ ਗਰਮੀ ਤੋਂ ਬਚਣ ਲਈ ਨਹਿਰ ਵਿੱਚ ਨਹਾ ਰਿਹਾ ਹੈ ਅਤੇ ਰਾਹਤ ਮਹਿਸੂਸ ਕਰ ਰਿਹਾ ਹੈ। ਸ਼ਹਿਣਾ ਨਹਿਰ ਵਿੱਚ ਦੁਪਹਿਰ ਵੇਲੇ ਨਹਾਉਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਕੁਲ ਮਿਲਾ ਕੇ ਗਰਮੀ ਨੇ ਆਮ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ।
ਮਾਲਵਾ ਵਿੱਚ ਧੁੱਪ ਵਿੱਚ ਝੁਲਸੀ ਸ਼ਿਮਲਾ ਮਿਰਚ
ਮਾਨਸਾ (ਪੱਤਰ ਪ੍ਰੇਰਕ) ਮਾਲਵਾ ਪੱਟੀ ਵਿਚ ਅੱਜ 45 ਡਿਗਰੀ ਤੋਂ ਵੱਧ ਤਪਣ ਲੱਗੇ ਮੌਸਮ ਕਾਰਨ ਖੇਤੀ ਵਿਭਿੰਨਤਾ ਤਹਿਤ ਬੀਜੀ ਸ਼ਿਮਲਾ ਮਿਰਚ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੋ ਦਿਨ ਦੌਰਾਨ ਛੁੱਟੀ ਕਰ ਗਈਆਂ ਹਨ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਸੋਹਲ ਸਬਜ਼ੀਆਂ ਤੋਂ ਤਿੱਖੀ ਧੁੱਪ ਨਾ ਝੱਲਣ ਕਾਰਨ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਅਨੇਕਾਂ ਥਾਵਾਂ ਤੋਂ ਪਸ਼ੂਆਂ ਦੇ ਹਰੇ-ਚਾਰੇ ਮਰਝਾਉਣ ਦੀਆਂ ਰਿਪੋਰਟਾਂ ਵੀ ਹਾਸਲ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੌਸਮ ਅਗਲੇ ਦੋ ਦਿਨਾਂ ਦੌਰਾਨ ਅਜਿਹਾ ਹੀ ਰਹਿੰਦਾ ਹੈ ਤਾਂ ਖੇਤਾਂ ਦੇ ਖੇਤ ਸਬਜ਼ੀਆਂ ਤੋਂ ਖਾਲੀ ਹੋ ਜਾਣੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪਾਰਾ 46 ਤੋਂ ਪਾਰ ਹੋ ਜਾਣ ਤੇ ਤੇਜ਼ ਗਰਮੀ ਤੇ ਖੁਸ਼ਕ ਹਵਾਵਾਂ ਨਾਲ ਸਬਜ਼ੀ ਕਾਸ਼ਤਕਾਰਾਂ ਨੂੰ ਫ਼ਿਕਰਾਂ ’ਚ ਪਾਇਆ ਹੈ। ਉਨ੍ਹਾਂ ਦੱਸਿਆ ਕਿ ਵਧ ਰਹੀ ਗਰਮੀ ਨਾਲ ਸਬਜ਼ੀਆਂ ਦੇ ਨਾਲ ਹਰੇ ਚਾਰੇ ਵੀ ਸੁੱਕਣ ਲੱਗੇ ਹਨ। ਉਨ੍ਹਾਂ ਕਿਹਾ ਕਿ ਖਰਬੂਜਾ, ਘੀਆ ਕੱਦੂ, ਲੋਕੀ, ਤੋਰੀਆਂ ਤੇ ਖਾਸ ਕਰਕੇ ਸ਼ਿਮਲ ਮਿਰਚ ਗਰਮੀ ਦੇ ਵਧਣ ਕਾਰਨ ਸੁੱਕਣੀ ਸ਼ੁਰੂ ਹੋ ਗਈ ਹੈ, ਜੋ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਿਮਲਾ ਮਿਰਚ ਦੀ ਤੁੜਾਈ 15 ਮਈ ਤੋਂ 25 ਜੂਨ ਤੱਕ ਚੱਲਦੀ ਸੀ, ਜਦੋਂਕਿ ਇਸ ਵਾਰ ਗਰਮੀ ਵਧਣ ਕਾਰਨ ਮਈ ਦੇ ਅੱਧ ਤੱਕ ਖੇਤ ਖਾਲੀ ਹੋਣੇ ਸ਼ੁਰੂ ਹੋ ਗਏ ਹਨ। ਪਨਸੀਡ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਦੱਖਣੀ ਪੰਜਾਬ ਦੇ ਕਿਸਾਨਾਂ ਨੂੰ ਅੱਜ ਕੱਲ, ਜਿੱਥੇ ਆਪਣੀਆਂ ਫ਼ਸਲਾਂ ਸਮੇਤ ਸਬਜ਼ੀਆਂ ਤੇ ਪਸ਼ੂਆਂ ਦਾ ਹਰਾ-ਚਾਰਾ ਸੜਨ ਦਾ ਝੋਰਾ ਹੈ, ਉਥੇ ਉਨ੍ਹਾਂ ਨੂੰ ਆਪਣੀ ਫ਼ਸਲ ਸੂਰਜ ਦੀ ਲੋਅ ਤੋਂ ਬਚਾਉਣ ਲਈ ਸਭ ਤੋਂ ਵੱਡੀ ਮਾਰ ਬਿਜਲੀ ਦੀ ਘਾਟ ਅਤੇ ਡੀਜ਼ਲ ਦੀ ਮਹਿੰਗਾਈ ਦੀ ਪੈਣ ਲੱਗੀ ਹੈ।