ਪੱਤਰ ਪ੍ਰੇਰਕ
ਮਾਨਸਾ, 6 ਮਈ
ਪਰਸੋਂ ਪਏ ਮੀਂਹ ਮਗਰੋਂ ਮਾਲਵਾ ਵਿੱਚ 7 ਤੋਂ 8 ਡਿਗਰੀ ਪਾਰਾ ਡਿੱਗ ਪਿਆ ਹੈ। ਭਾਵੇਂ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਭਰਵਾਂ ਮੀਂਹ ਨਹੀਂ ਪਿਆ, ਪਰ ਪੰਜਾਬ ਦੇ ਅੱਠ ਜ਼ਿਲ੍ਹਿਆਂ ’ਚ ਹੋਈ ਵਰਖਾ ਤੇ ਗੜਿਆਂ ਨੇ ਮਾਲਵਾ ਖੇਤਰ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਮੀਂਹ ਨਾਲ ਲੰਬੇ ਸਮੇਂ ਗਰਮੀ ਦੀ ਮਾਰ ਹੇਠ ਔਖੀ ਜ਼ਿੰਦਗੀ ਕੱਟ ਰਹੇ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਰਾਹਤ ਮਿਲੀ ਹੈ। ਮਹਿਕਮੇ ਨੇ ਇੱਕ ਦਿਨ ਹੋਰ ਗਰਮੀ ਤੋਂ ਰਾਹਤ ਮਿਲਣੀ ਦੀ ਆਸ ਪ੍ਰਗਟਾਈ ਹੈ ਤੇ ਸ਼ੁੱਕਰਵਾਰ ਤੋਂ ਮੰਗਲਵਾਰ ਤੱਕ ਪਾਰਾ 42 ਡਿਗਰੀ ਤੋਂ ਵਧ ਕੇ 45 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਅੱਜ ਇਸ ਖੇਤਰ ਦੇ ਮਾਨਸਾ ਸਮੇਤ ਹੋਰ ਜ਼ਿਲ੍ਹਿਆਂ ਵਿੱਚ 38 ਤੋਂ 39 ਡਿਗਰੀ ਸੈਂਟੀਗਰੇਡ ਤਾਪਮਾਨ ਰਹਿਣ ਦੀਆਂ ਰਿਪੋਰਟਾਂ ਹਨ।
ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲਟਨ ਅਨੁਸਾਰ ਅੱਜ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਤਾਪਮਾਨ 37-38 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ, ਜਦੋਂ ਘੱਟੋ-ਘੱਟ 20 ਡਿਗਰੀ ਪਾਰਾ ਰਹਿਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਕਿ ਹੁਣ ਕੱਲ੍ਹ ਪਏ ਮੀਂਹ ਤੋਂ ਬਾਅਦ ਮੌਸਮ ਦੇ ਸਾਫ਼ ਹੋਣ ਦੀ ਸੰਭਾਵਨਾ ਬਣ ਗਈ ਹੈ ਅਤੇ ਹੁਣ 9 ਮਈ ਤੱਕ ਮੌਸਮ 42.7 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ, ਜਦੋਂ ਕਿ ਉਸ ਤੋਂ ਬਾਅਦ ਇੰਟਰਨੈੱਟ ਦੀਆਂ ਰਿਪੋਰਟਾਂ ਅਨੁਸਾਰ 45 ਡਿਗਰੀ ਸੈਂਟੀਗਰੇਡ ਤੋਂ ਉਪਰ ਪਾਰਾ ਚੜ੍ਹਨ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਮਾਨਸਾ, ਸੰਗਰੂਰ,ਬਰਨਾਲਾ,ਬਠਿੰਡਾ, ਮੁਕਤਸਰ, ਫਾਜ਼ਿਲਕਾ ਵਿਖੇ 9 ਮਈ ਨੂੰ ਗਰਮੀ ਦੀ ਲਹਿਰ ਮੁੜ ਸ਼ੁਰੂ ਹੋ ਜਾਵੇਗੀ, ਜਦੋਂ ਕਿ 10 ਮਈ ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਪਟਿਆਲਾ, ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ,ਫਜ਼ਿਲਕਾ, ਫਿਰੋਜ਼ਪੁਰ ਵਿਚ ਲੂ (ਹੀਟ ਵੇਵ) ਚੱਲਣ ਦੀ ਜਾਣਕਾਰੀ ਹਾਸਲ ਹੋਈ ਹੈ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ਼ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੀਂਹ ਦਾ ਲਾਹਾ ਲੈਕੇ ਨਰਮੇ ਦੀ ਬਿਜਾਈ ਲਈ ਤੁਰੰਤ ਭਰਵੀਂ ਰਾਉਣੀ ਕਰਕੇ ਨਰਮਾ ਬੀਜ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਚੰਗੇ ਝਾੜ ਵਾਸਤੇ ਨਰਮੇ ਦੀ ਬਿਜਾਈ 15 ਮਈ ਤੋਂ ਪਹਿਲਾਂ-ਪਹਿਲਾਂ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਮੀਂਹ ਤੋਂ ਬਾਅਦ ਕਈ ਵਾਰ ਉਗਰਦੀ ਮੱਕੀ ਤੇ ਮੂੰਗੀ ਉਤੇ ਸੁੰਡੀ ਦਾ ਹਮਲਾ ਹੋ ਜਾਂਦੇ ਹੈ, ਜਿਸ ਲਈ ਕਿਸਾਨਾਂ ਨੂੰ ਆਪੋ-ਆਪਣੇ ਖੇਤਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ ਤੇ ਲੋੜ ਮੁਤਾਬਕ ਖੇਤੀ ਮਾਹਿਰਾਂ ਨੂੰ ਖੇਤਾਂ ਵਿੱਚ ਬੁਲਾਕੇ ਮੁਆਇਨਾ ਕਰਵਾਉਣਾ ਚਾਹੀਦਾ ਹੈ।