ਪੱਤਰ ਪ੍ਰੇਰਕ
ਮਾਨਸਾ, 30 ਅਪਰੈਲ
ਇੱਥੇ ਮੈਗਾ ਕੈਂਪ ਦੌਰਾਨ 4 ਹਜ਼ਾਰ ਤੋਂ ਵਧੇਰੇ ਸਕੂਲੀ ਵਿਦਿਆਰਥੀਆਂ ਸਮੇਤ ਲੋਕਾਂ ਨੂੰ ਕੋਵਿਡ ਦੇ ਬਚਾਅ ਲਈ ਵੈਕਸ਼ੀਨੇਸ਼ਨ ਦੀ ਡੋਜ਼ ਲਗਾਈ ਗਈ। ਇਹ ਵਿਦਿਆਰਥੀ ਮਾਨਸਾ ਦੇ 60 ਤੋਂ ਵਧੇਰੇ ਸਕੂਲਾਂ ਵਿੱਚ ਪੜ੍ਹਦੇ ਹਨ।
ਇਸ ਮੈਗਾ ਕੈਂਪ ਦਾ ਉਦਘਾਟਨ ਕਰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੀ ਚੌਥੀ ਲਹਿਰ ਦੇ ਫੈਲਾਅ ਨੂੰ ਕੰਟਰੋਲ ਕਰਨ ਲਈ ਅਜਿਹੇ ਕੈਂਪ ਲੱਗਣੇ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਰੋਜ਼ਾਨਾ ਪੱਧਰ ’ਤੇ 4 ਹਜ਼ਾਰ ਲੋਕਾਂ ਨੂੰ ਵੈਕਸ਼ੀਨੇਸ਼ਨ ਦੇ ਘੇਰੇ ਹੇਠ ਲਿਆਂਦਾ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਘਰੋਂ ਬਾਹਰ ਨਿਕਲਣ ਵੇਲੇ ਅਤੇ ਵਿਸ਼ੇਸ਼ ਤੌਰ ’ਤੇ ਜਨਤਕ ਥਾਵਾਂ ’ਤੇ ਮਾਸਕ ਦੀ ਵਰਤੋਂ ਲਾਜ਼ਮੀ ਕਰੇ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ.ਰਣਜੀਤ ਰਾਏ ਨੇ ਦੱਸਿਆ ਕਿ ਬਲਾਕ ਮਾਨਸਾ, ਬੁਢਲਾਡਾ, ਖਿਆਲਾਂ ਕਲਾਂ ਅਤੇ ਸਰਦੂਲਗੜ ਵਿੱਚ ਟੀਕਾਕਰਨ ਕੈਂਪ ਲਗਾਇਆ ਗਿਆ, ਜਿੱਥੇ ਸਕੂਲੀ ਵਿਦਿਆਰਥੀਆਂ ਸਮੇਤ ਰਹਿੰਦੇ ਲੋਕਾਂ ਨੇ ਦੂਜੀ ਤੇ ਤੀਜ਼ੀ ਡੋਜ਼ ਲਗਵਾਈ।