ਪੱਤਰ ਪ੍ਰੇਰਕ
ਬੋਹਾ, 3 ਜੂਨ
ਸੀਪੀਆਈ (ਐੱਮਐੱਲ) ਲਬਿਰੇਸ਼ਨ ਵੱਲੋਂ ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਤੇ ਦਫ਼ਤਰ ਅੱਗੇ 7 ਤੇ 8 ਜੂਨ ਨੂੰ ਧਰਨੇ ਲਾ ਕੇ ਉਨ੍ਹਾਂ ਤੋਂ ‘ਹਿਸਾਬ ਦਿਓ, ਜਵਾਬ ਦਿਓ’ ਨਾਅਰੇ ਤਹਿਤ ਪਿਛਲੇ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਦਾ ਹਿਸਾਬ ਮੰਗਿਆ ਜਾਵੇਗਾ। ਇਹ ਐਲਾਨ ਲਬਿਰੇਸ਼ਨ ਆਗੂ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉ ਨੇ ਖੇਤਰ ਦੇ ਪਿੰਡ ਹਾਕਮਵਾਲਾ , ਉਡਤ ਸੈਦੇਵਾਲਾ, ਭੀਮੜਾ ਤੇ ਸੰਦਲੀ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਤਾਧਾਰੀ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਰੋਲ ਵੀ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਰਾਜ ਕਰਦੇ ਸਿਆਸੀ ਆਗੂਆਂ ਨੇ ਲੋਕਾਂ ਨੂੰ ਸਿੱਖਿਆ ਤੇ ਸਿਹਤ ਵਰਗੀਆ ਬੁਨਿਆਦੀ ਸਹੂਲਤਾਂ ਦੇਣ ਦੀ ਥਾਂ ਆਪਣੇ ਲਈ ਨਿੱਜੀ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 7 ਜੂਨ ਨੂੰ ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਘਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਪਹੁੰਚਣ। ਰੈਲੀਆਂ ਨੂੰ ਕਾਮਰੇਡ ਜੀਤ ਸਿੰਘ ਬੋਹਾ, ਮੱਖਣ ਸਿੰਘ ਉਡਤ, ਸੁਖਵਿੰਦਰ ਸਿੰਘ ਬੋਹਾ ਤੇ ਜਗਤਾਰ ਸਿੰਘ ਹਾਕਮ ਵਾਲਾ ਨੇ ਸੰਬੋਧਨ ਕੀਤਾ।