ਜੋਗਿੰਦਰ ਸਿੰਘ ਮਾਨ
ਮਾਨਸਾ, 19 ਜੁਲਾਈ
ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਪਤਾ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਦਿਆਂ ਕਿਹਾ ਕਿ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਹੁਣ ਤੋਂ ਹੀ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ। ਉਨ੍ਹਾਂ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹੇ ਵਿੱਚ ਸਬੰਧਤ ਸਾਰੀਆਂ ਡਰੇਨਜ਼ ਅਤੇ ਨਾਲਿਆਂ ਦੀ ਸਫ਼ਾਈ ਹੁਣ ਤੋਂ ਹੀ ਕਰਵਾਉਣੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ ਅਤੇ ਡਰੇਨਾਂ ਦੀ ਸਫ਼ਾਈ ਦਾ ਕੰਮ ਮਗਨਰੇਗਾ ਮਜ਼ਦੂਰਾਂ ਕੋਲੋਂ ਵੀ ਕਰਵਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੈਂਦੇ ਚਾਂਦਪੁਰਾ ਬੰਨ੍ਹ ਅਤੇ ਹੋਰ ਬੰਨ੍ਹ, ਜਿਥੇ ਕਿ ਹੜ੍ਹਾਂ ਦਾ ਖਤਰਾ ਹੈ, ਉਥੇ ਪੁਲੀਸ ਵੱਲੋਂ ਛੇਤੀ ਹੀ ਆਰਜੀ ਪੁਲੀਸ ਚੌਂਕੀਆਂ ਬਣਾਈਆਂ ਜਾ ਰਹੀਆਂ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਬੁਢਲਾਡਾ ਤੋਂ ਵਿਧਾਇਕ ਬੁੱਧਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਹੜ੍ਹਾਂ ਸਬੰਧੀ ਗੰਭੀਰ ਨਹੀਂ ਹੈ ਅਤੇ ਨਾ ਹੀ ਇਸ ਲਈ ਕੋਈ ਅਗੇਤੇ ਪ੍ਰਬੰਧ ਕੀਤੇ ਹਨ, ਜਿਸ ਲਈ ਲੋਕਾਂ ਦੇ ਮਨਾਂ ਵਿੱਚ ਮੀਂਹਾਂ ਤੋਂ ਬਾਅਦ ਦੂਜੇ ਰਾਜਾਂ ਵਿੱਚ ਹੜ੍ਹਾਂ ਆਉਣ ਕਾਰਨ ਡਰ ਪੈਦਾ ਹੋ ਗਿਆ ਹੈ।