ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 13 ਜਨਵਰੀ
ਜ਼ਿਲਾ ਫਰੀਦਕੋਟ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉਤੇ ਨਿਗਾਹ ਰੱਖਣ ਲਈ ਜ਼ਿਲ੍ਹਾ ਪੱਧਰ ‘ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਨਾਲ ਜ਼ਿਲਾ ਚੋਣ ਅਫਸਰ ਹਰਬੀਰ ਸਿੰਘ ਨੇ ਵਿਸ਼ੇਸ਼ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਐਮ.ਸੀ.ਐਮ.ਸੀ ਸੈਂਟਰ ਦਾ ਦੌਰਾ ਵੀ ਕੀਤਾ ਅਤੇ ਉਥੇ ਕੀਤੇ ਜਾ ਰਹੇ ਕੰਮ ਨੂੰ ਵਾਚਿਆ। ਉਨ੍ਹਾਂ ਸਟਾਫ ਨੂੰ ਹਦਾਇਤ ਕੀਤੀ ਕਿ ਸਾਰੇ ਉਮੀਦਵਾਰਾਂ ਵੱਲੋਂ ਮੀਡੀਆ, ਜਿਸ ਵਿੱਚ ਅਖਬਾਰ, ਰੇਡੀਓ, ਟੀ.ਵੀ, ਈ-ਪੇਪਰ ਅਤੇ ਸੋਸ਼ਲ ਮੀਡੀਆ ਆਦਿ ਸ਼ਾਮਿਲ ਹਨ, ਉਪਰ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜੇਕਰ ਕਿਸੇ ਵੀ ਉਮੀਦਵਾਰ ਦਾ ਇਸ਼ਤਿਹਾਰ ਮਿਲਦਾ ਹੈ ਤਾਂ ਉਸ ਨੂੰ ਉਸ ਦੇ ਚੋਣ ਖਰਚੇ ਵਿੱਚ ਸ਼ਾਮਿਲ ਕਰਨ ਲਈ ਸਬੰਧਤ ਰਿਟਰਨਿੰਗ ਅਧਿਕਾਰੀ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਚੋਣ ਅਫ਼ਸਰ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਬੈਂਕ ਖਾਤਿਆਂ ਵਿੱਚੋਂ ਕਢਵਾਈ ਜਾਣ ਵਾਲੀ ਨਗਦ ਰਾਸ਼ੀ ਉੱਪਰ ਵੀ ਚੋਣ ਅਧਿਕਾਰੀ ਤਿੱਖੀ ਨਜ਼ਰ ਰੱਖਣਗੇ। ਚੋਣਾਂ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਪੈਸੇ ਦੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਨਿਰਪੱਖ ਚੋਣਾਂ ਕਰਵਾਉਣ ਲਈ ਸਾਰੇ ਵਿਭਾਗਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਤੇ ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ।