ਪੱਤਰ ਪ੍ਰੇਰਕ
ਟੱਲੇਵਾਲ, 26 ਮਈ
ਬਿਜਲੀ ਕਾਮਿਆਂ ਦੀ ਸੰਘਰਸ਼ਸ਼ੀਲ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) ਦੀਆਂ ਜਥੇਬੰਦਕ ਚੋਣਾਂ ਦੀ ਲਗਾਤਾਰਤਾ ਵਿੱਚ ਅੱਜ ਵੰਡ ਉਪ ਮੰਡਲ ਸ਼ਹਿਣਾ ਦਾ ਜਥੇਬੰਦਕ ਇਜਲਾਸ ਜਸਕਰਨ ਸਿੰਘ ਦੀ ਪ੍ਰਧਾਨਗੀ ਹੇਠ 66 ਕੇਵੀ ਗਰਿੱਡ ਸਬ ਸਟੇਸ਼ਨ ਪੱਖੋਕੇ ਵਿੱਚ ਹੋਇਆ। ਸਕੱਤਰ ਅਤੇ ਖਜ਼ਾਨਚੀ ਵੱਲੋਂ ਪਿਛਲੇ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਸਥਾਨਕ ਪੱਧਰ ਤੋਂ ਲੈ ਕੇ ਪਾਵਰਕੌਮ ਦੀ ਮਨੇਜਮੈਂਟ ਖਿਲਾਫ਼ ਲੜੇ ਗਏ ਸੰਘਰਸ਼ਾਂ ਸਮੇਤ ਮੌਜੂਦਾ ਸਮੇਂ ਦਰਪੇਸ਼ ਬਿਜਲੀ ਕਾਮਿਆਂ ਸਮੇਤ ਹੋਰਨਾਂ ਮਿਹਨਤਕਸ਼ ਤਬਕਿਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਕਲਮਬੱਧ ਕੀਤਾ ਗਿਆ। ਪਾਵਰਕੌਮ ਦੀ ਮਨੇਜਮੈਂਟ ਵੱਲੋਂ ਪਟਿਆਲਾ ਸਰਕਲ ਦੇ ਟਰਮੀਨੇਟ ਕੀਤੇ ਆਗੂਆਂ ਦਾ ਮੁੱਦਾ ਵੀ ਚਰਚਾ ਅਧੀਨ ਆਇਆ। ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਪ੍ਰਧਾਨ ਨੇ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਚੁਣਨ ਲਈ ਕਾਰਵਾਈ ਮੰਡਲ ਕਮੇਟੀ ਨੂੰ ਸੌਂਪ ਦਿੱਤੀ। ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮਲਕੀਤ ਸਿੰਘ ਲਮ ਕੈਰੇ ਨੂੰ ਪ੍ਰਧਾਨ, ਇੰਜ. ਸੁਖਪਾਲ ਸਿੰਘ ਜੇਈ ਨੂੰ ਮੀਤ ਪ੍ਰਧਾਨ, ਜਸਕਰਨ ਸਿੰਘ ਓਸੀ ਨੂੰ ਸਕੱਤਰ, ਜਸਬੀਰ ਸਿੰਘ ਸਲਮ ਕੈਰੇ ਨੂੰ ਸਹਾਇਕ ਸਕੱਤਰ ਅਤੇ ਜਗਤਾਰ ਸਿੰਘ ਸਲਮ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜਗਦੀਸ਼ ਸਿੰਘ, ਛੱਜੂ ਰਾਮ, ਭਾਗ ਸਿੰਘ, ਨੰਦ ਸਿੰਘ, ਅਸ਼ੋਕ ਕੁਮਾਰ, ਰਣਬੀਰ ਸਿੰਘ ਅਤੇ ਅਮਰਜੀਤ ਸਿੰਘ ਹਾਜ਼ਰ ਸਨ।