
ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਸਮਾਗਮ ਦੌਰਾਨ ਇਕੱਤਰ ਹੋਏ ਪੁਰਾਣੇ ਵਿਦਿਆਰਥੀ।
ਜਸਵੰਤ ਜੱਸ
ਫ਼ਰੀਦਕੋਟ, 25 ਮਾਰਚ
ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੇ ਸਥਾਪਨਾ ਦਿਵਸ ਮੌਕੇ ਕਾਲਜ ਦੇ ਵਿਹੜੇ ਵਿੱਚ ਕਰੀਬ ਚਾਰ ਦਹਾਕੇ ਪੁਰਾਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਾਲਜ ਦੇ ਪੁਰਾਣੇ ਵਿਦਿਆਰਥੀ ਕੁਲਦੀਪ ਮਾਣੂੰਕੇ ਨੇ ਕਿਹਾ ਕਿ ਬ੍ਰਿਜਿੰਦਰਾ ਕਾਲਜ ਇੱਕ ਸਦੀ ਤੋਂ ਵੱਧ ਪੁਰਾਣਾ ਹੈ ਅਤੇ ਇਸ ਕਾਲਜ ਨੇ ਦੇਸ਼ ਤੇ ਦੁਨੀਆਂ ਨੂੰ ਬਿਹਤਰ ਡਾਕਟਰ, ਵਿਗਿਆਨੀ, ਖਿਡਾਰੀ ਅਤੇ ਕਲਾਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਗੁਰਲੇਜ਼ ਅਖ਼ਤਰ, ਦਿਲਸ਼ਾਦ ਅਖਤਰ, ਰਾਜ ਬਰਾੜ ਅਤੇ ਗੁਰਦਾਸ, ਬਲਕਾਰ ਸਿੱਧੂ ਇਸ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ ਅਤੇ ਹਾਕੀ ਦੀ ਓਲੰਪੀਅਨ ਖਿਡਾਰੀ ਰੂਪਾ ਦਿਓਲ ਵੀ ਇਸੇ ਕਾਲਜ ਦੀ ਵਿਦਿਆਰਥਣ ਰਹੀ ਹੈ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਆਪੋ-ਆਪਣੀਆਂ ਸਾਹਿਤਕ ਰਚਨਾਵਾਂ ਵੀ ਕਾਲਜ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ। ਫਰੀਦਕੋਟ ਦੇ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬ੍ਰਿਜਿੰਦਰਾ ਕਾਲਜ ਵਿੱਚ 30 ਸਾਲ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਅਤੇ ਇਸ ਕਾਲਜ ਨੇ ਵੱਡੀਆਂ ਸਾਹਿਤਕ ਹਸਤੀਆਂ ਦੀ ਸਿਰਜਣਾ ਵੀ ਕੀਤੀ ਜਿਨ੍ਹਾਂ ਵਿੱਚ ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਬ੍ਰਹਮ ਜਗਦੀਸ਼, ਡਾ. ਸੁਭਾਸ਼ ਪਰਿਹਾਰ ਅਤੇ ਪ੍ਰੋਫੈਸਰ ਡਾ. ਰਾਜੇਸ਼ ਮੋਹਨ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ। ਇਸ ਮੌਕੇ ਹੋਏ ਸਮਾਗਮ ਨੂੰ ਰਜਿੰਦਰ ਸਿੰਘ ਬਰਾੜ ਜਲਾਲੇਆਣਾ, ਪ੍ਰਕਾਸ਼ ਗਾਧੂ, ਲਾਲੀ ਸਾਹੋਕੇ, ਜਸਵੰਤ ਸਿੰਘ ਪੁਰਬਾ, ਪ੍ਰਿੰ ਸੁਰਜੀਤ ਸਿੰਘ, ਰਾਜਿੰਦਰ ਸੋਢੀ ਰੋਪੜ, ਰਣਜੀਤ ਸਿਵੀਆਂ, ਪ੍ਰੋ. ਦਲਵੀਰ ਸਿੰਘ, ਪ੍ਰੋ. ਬੀ. ਡੀ. ਸ਼ਰਮਾ ਆਦਿ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ