ਜਸਵੰਤ ਜੱਸ
ਫ਼ਰੀਦਕੋਟ, 20 ਅਕਤੂਬਰ
ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਲੁਧਿਆਣੇ ਦੀ ਇਕ ਨਿੱਜੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਸਿੰਘ ਨੂੰ ਜ਼ਿਲ੍ਹਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ ਐੱਚਟੀਆਈ ਨਾਮ ਦੀ ਕੰਪਨੀ ਨੇ ਫ਼ਰੀਦਕੋਟ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਅਮਾਨਤ ਤਿੰਨ ਮਹੀਨਿਆਂ ਵਿੱਚ ਦੁੱਗਣੀ ਕਰ ਦਿੱਤੀ ਜਾਵੇਗੀ। ਇਸ ਲਾਲਚ ਵਿੱਚ ਆ ਕੇ ਫ਼ਰੀਦਕੋਟ ਜ਼ਿਲ੍ਹੇ ਦੇ ਦਰਜਨਾਂ ਵਿਅਕਤੀਆਂ ਨੇ ਆਪਣਾ ਕਰੋੜਾਂ ਰੁਪਇਆ ਕੰਪਨੀ ਪਾਸ ਜਮ੍ਹਾਂ ਕਰਵਾ ਦਿੱਤਾ। ਲੋਕਾਂ ਦੀਆਂ ਅਮਾਨਤਾਂ ਇਕੱਠੀਆਂ ਕਰਨ ਤੋਂ ਬਾਅਦ ਕੰਪਨੀ ਭਗੌੜੀ ਹੋ ਗਈ। ਕੰਪਨੀ ਨੇ ਆਪਣੇ ਕੁਝ ਗਾਹਕਾਂ ਨੂੰ ਚੈੱਕ ਵੀ ਜਾਰੀ ਕੀਤੇ ਸਨ, ਜੋ ਬਾਅਦ ਵਿੱਚ ਬਾਊਂਸ ਹੋ ਗਏ। ਹਰਚਰਨ ਸਿੰਘ ਸੰਧੂ ਵਾਸੀ ਅਰਾਈਆਂਵਾਲਾ ਕਲਾਂ ਨੇ ਦੱਸਿਆ ਕਿ ਉਸ ਨੇ ਆਪਣਾ ਇੱਕ ਕਰੋੜ ਰੁਪਿਆ ਕੰਪਨੀ ਵਿਚ ਇਨਵੈਸਟ ਕੀਤਾ ਸੀ ਅਤੇ ਇਸ ਬਦਲੇ ਉਸ ਨੂੰ ਕੰਪਨੀ ਨੇ ਦੋ ਚੈੱਕ ਦਿੱਤੇ ਸਨ ਅਤੇ ਇਹ ਦੋਵੇਂ ਚੈੱਕ ਡਿਸਆਨਰ ਹੋ ਗਏ। ਇੱਥੋਂ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਵੀ ਕੰਪਨੀ ਦੇ ਡਾਇਰੈਕਟਰ ਜਸਵਿੰਦਰ ਸਿੰਘ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। ਫ਼ਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਨੇ ਕੰਪਨੀ ਦੇ ਐੱਮਡੀ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਪੁੱਛਗਿੱਛ ਲਈ ਭੇਜਿਆ ਹੈ।