ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 1 ਮਈ
ਮਈ ਦਿਵਸ ਸਬੰਧੀ ਹੋਏ ਵੱਖ-ਵੱਖ ਸਮਾਗਮਾਂ ਦੌਰਾਨ ਪਿੰਡ ਖੁੰਡੇ ਹਲਾਲ, ਭਾਗਸਰ, ਲੱਖੇਵਾਲੀ, ਭੁੱਟੀਵਾਲਾ, ਖੂਨਣ ਖੁਰਦ, ਸਿੰਘੇਵਾਲਾ, ਕਿੱਲਿਆਂਵਾਲੀ ਆਦਿ ਦਰਜਨ ਭਰ ਪਿੰਡਾਂ ਵਿੱਚ ਪੇਂਡੂ ਖੇਤ ਮਜ਼ਦੂਰ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ| ਇਸ ਮੌਕੇ ਤਰਸੇਮ ਸਿੰਘ ਖੁੰਡੇ ਹਲਾਲ ਨੇ ਕਿਹਾ ਕਿ ਸੰਘਰਸ਼ ਹੀ ਮਜ਼ਦੂਰਾਂ ਦੀ ਮੁਕਤੀ ਦਾ ਰਾਹ ਹੈ| ਵਕਤੀ ਤੌਰ ’ਤੇ ਸਰਕਾਰਾਂ ਵੱਲੋਂ ਦਿੱਤੇ ਨਾਅਰੇ ਮਹਿਜ਼ ਹਵਾਈ ਕਿਲ੍ਹੇ ਹੁੰਦੇ ਹਨ| ਇਸ ਦੌਰਾਨ ‘ਇੰਟਕ’ ਨਾਲ ਸਬੰਧਤ ਮਜ਼ਦੂਰ-ਮੁਲਾਜ਼ਮ ਜਥੇਬੰਦੀਆਂ ਵੱਲੋਂ ਨਹਿਰ ਕਲੋਨੀ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ| ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਕੰਟਰੈਕਟਰ ਵਰਕਰਜ਼ ਯੂਨੀਅਨ ਨੇ ਗੇਟ ਰੈਲੀ ਕੀਤੀ ਗਈ| ਪੀਡਬਲਿਯੂਡੀ ਵਰਕਰਜ਼ ਯੂਨੀਅਨ ਨੇ ਜਸਵੀਰ ਸਿੰਘ ਤੱਖੀ ਦੀ ਅਗਵਾਈ ਹੇਠ ਵਾਟਰ ਵਰਕਸ ਵਿੱਚ ਮਈ ਦਿਵਸ ਮਨਾਇਆ|
ਮੋਗਾ (ਨਿੱਜੀ ਪੱਤਰ ਪ੍ਰੇਰਕ): ਇਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਰ ਭਵਨ ਵਿੱਚ ਵੱਖ-ਵੱਖ ਟਰੇਡ ਯੂਨੀਅਨ ਕੌਂਸਲ ਵੱਲੋਂ ਕੌਮਾਂਤਰੀ ਕਿਰਤ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੈਨਸ਼ਨਰ ਜਥੇਬੰਦੀ ਵੱਲੋਂ ਬਲੌਰ ਸਿੰਘ ਘਾਲੀ ਦੀ ਅਗਵਾਈ ਹੇਠ ਮਈ ਦਿਹਾੜਾ ਮਨਾਇਆ ਗਿਆ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਵੀ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਫਾਜ਼ਿਲਕਾ ਦੀ ਅਨਾਜ ਮੰਡੀ ’ਚ ਮਜ਼ਦੂਰ ਦਿਵਸ ਵੱਡੇ ਪੱਧਰ ’ਤੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਸੁਰਿੰਦਰ ਢੰਡੀਆ ਜ਼ਿਲ੍ਹਾ ਮੀਤ ਸਕੱਤਰ ਸੀਪੀਆਈ ਵੱਲੋਂ ਕਾਰਵਾਈ ਗਈ। ਇਸ ਮੌਕੇ ਸੁਰਿੰਦਰ ਢੰਡੀਆ ਨੇ ਕੇਂਦਰ ਸਰਕਾਰ ਤੋਂ ਮਜ਼ਦੂਰਾਂ ਦੇ ਹੱਕਾਂ ਲਈ ਕਾਨੂੰਨ ਪਾਸ ਕਰਨ ਦੀ ਮੰਗ ਕੀਤੀ।
ਸ਼ਹਿਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਗਿੱਦੜਬਾਹਾ (ਪੱਤਰ ਪ੍ਰੇਰਕ): ਬਿਜਲੀ ਬੋਰਡ ਦੇ ਰਿਟਾਇਰ ਮੁਲਾਜ਼ਮਾਂ ਦੀ ਜਥੇਬੰਦੀ ਰਿਟਾਇਰ ਐਸੋਸੀਏਸ਼ਨ ਗਿੱਦੜਬਾਹਾ ਵੱਲੋਂ ਮਈ ਦਿਵਸ ਦੇ ਸ਼ਹੀਦ ਨੂੰ ਯਾਦ ਕਰਦਿਆਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਝੰਡੇ ਲਹਿਰਾਏ ਗਏ।
ਭਾਈਰੂਪਾ (ਪੱਤਰ ਪ੍ਰੇਰਕ): ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਸਬ-ਯੂਨਿਟ ਸਬ-ਡਿਵੀਜ਼ਨ ਭਾਈਰੂਪਾ ਦੇ ਬਿਜਲੀ ਕਰਮਚਾਰੀਆਂ ਨੇ ਮਈ ਦਿਵਸ ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਬਿਜਲੀ ਘਰ ਭਾਈਰੂਪਾ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਏਲਨਾਬਾਦ (ਪੱਤਰ ਪ੍ਰੇਰਕ): ਨਵਜੋਤੀ ਸਕੂਲ ਵਿੱਚ ਮਜ਼ਦੂਰ ਦਿਵਸ ਮੌਕੇ ਚੌਥਾ ਦਰਜਾ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਵਿਸ਼ਵ ਮਜ਼ਦੂਰ ਦਿਵਸ ਮੌਕੇ ਅੱਜ ਸਰਦੂਲਗੜ੍ਹ ਵਿੱਚ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਜ਼ਦੂਰ ਦਿਵਸ ਮਨਾਇਆ ਗਿਆ।
ਭੁੱਚੋਂ ਮੰਡੀ (ਪੱਤਰ ਪ੍ਰੇਰਕ): ਮਜ਼ਦੂਰ ਦਿਵਸ ਮੌਕੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁੱਖ ਗੇਟ ਅੱਗੇ ਐਂਪਲਾਈਜ਼ ਫੈਡਰੇਸ਼ਨ (ਚਾਹਲ), ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ), ਟੈਕਨੀਕਲ ਸਰਵਿਸ ਯੂਨੀਅਨ, ਜੀਐੱਚਟੀਪੀ ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਅਤੇ ਜੀਐੱਚਟੀਪੀ ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਦੇੇ ਆਗੂਆਂ ਨੇ ਲਾਲ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕੀਤਾ।
ਬਰੇਟਾ (ਪੱਤਰ ਪ੍ਰੇਰਕ): ਸਬ-ਡਿਵੀਜ਼ਨ ਬਰੇਟਾ ਵਿੱਚ ਇਕ ਮਈ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਵਿੱਚ ਵੱਖ-ਵੱਖ ਸੰਗਠਨਾਂ ਵੱਲੋਂ ਮਈ ਦਿਹਾੜੇ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੱਕੀ ਸੰਘਰਸ਼ਾਂ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ। ਇਥੇ ਬੰਦ ਪਏ ਥਰਮਲ ਪਲਾਂਟ ਦੇ ਮੁੱਖ ਗੇਟ ’ਤੇ ਝੰਡਾ ਲਹਿਰਾਇਆ ਗਿਆ। ਇਸੇ ਤਰ੍ਹਾਂ ਪੀਆਰਟੀਸੀ ਬਠਿੰਡਾ ਡਿੱਪੂ ਦੀ ਵਰਕਸ਼ਾਪ ਦੇ ਗੇਟ ’ਤੇ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਝੰਡਾ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੇਂਦਰੀ ਟਰੇਡ ਯੂਨੀਅਨ ਸੀਟੂ ਨਾਲ ਸਬੰਧਤ ਵੱਖ-ਵੱਖ ਸਨਅਤੀ ਅਦਾਰਿਆਂ ਵਿੱਚ ਵੀ ਸੂਹੇ ਝੰਡੇ ਲਹਿਰਾ ਕੇ ਮਈ ਦਿਵਸ ਮਨਾਇਆ ਗਿਆ।
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਇਥੇ ਭਾਰਤੀ ਕਮਿਊਸਿਟ ਪਾਰਟੀ ਦੇ ਦਫ਼ਤਰ ਵਿੱਚ ਕਾਮਰੇਡ ਪ੍ਰੀਤਮ ਸਿੰਘ ਰੌਂਤਾ ਨੇ ਝੰਡਾ ਲਹਿਰਾਇਆ। ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਬਾਈ ਜਗਰੂਪ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕੀਤੀ।
ਲਾਲ ਝੰਡੇ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਬਠਿੰਡਾ (ਪੱਤਰ ਪ੍ਰੇਰਕ): ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮਈ ਦਿਵਸ ਮੌਕੇ ਮਜ਼ਦੂਰਾਂ ਨੇ ਲਾਲ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਬਠਿੰਡਾ ਵਿੱਚ ਪੀਸੀਐੱਮਐੱਸਆਰਯੂ ਦੇ ਪ੍ਰਧਾਨ ਜਸਪਾਲ ਗੌਤਮ ਅਤੇ ਸੈਕਟਰੀ ਡੀ ਗਣੇਸ਼ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਦੱਸਿਆ ਕਿ ਕਿਵੇਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਬੰਧੂਆ ਮਜ਼ਦੂਰਾਂ ਵੱਲੋਂ ਲੜਾਈ ਲੜੀ ਗਈ ਅਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਯੂਨੀਅਨ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਿੱਜੀਕਰਨ ਵਾਲੀ ਨੀਤੀਆਂ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਜੇਪੀਏ ਦੇ ਸੱਦੇ ’ਤੇ ਆਰਐੱਮਪੀਆਈ ਦੇ ਆਗੂ ਕਾਮਰੇਡ ਮਹੀਪਾਲ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਨੂੰ ਕੇਂਦਰ ਵਿਚਲੀ ਮੋਦੀ ਸਰਕਾਰ ਪੁੱਠਾ ਗੇੜਾ ਦੇ ਰਹੀ ਹੈ। ਉਥੇ ਹੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ ਪੀ.ਆਈ.) ਦੇ ਸੱਦੇ ’ਤੇ ਭਾਰੀ ਗਿਣਤੀ ’ਚ ਮਾਲ ਰੋਡ ਸਥਿਤ ਲੇਬਰ ਚੌਕ ਵਿੱਚ ਇਕੱਤਰ ਹੋਏ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਨੇ ਫਿਰਕੂ-ਫਾਸ਼ੀਵਾਦ ਖ਼ਿਲਾਫ਼ ਮਨੁੱਖੀ ਕੜੀ ਬਣਾ ਕੇ ਕੌਮਾਂਤਰੀ ਮਜ਼ਦੂਰ ਦਿਵਸ ਇਨਕਲਾਬੀ ਜੋਸ਼ ਨਾਲ ਮਨਾਇਆ।
ਨਾਟਕ ‘ਤੂੰ ਸਿਰੜ ਨਾ ਸਾਡਾ ਜਾਣੇ’ ਦਾ ਮੰਚਨ
ਜ਼ੀਰਾ (ਪੱਤਰ ਪ੍ਰੇਰਕ): ਟਰੇਡ ਯੂਨੀਅਨ ਕੌਂਸਲ ਜ਼ੀਰਾ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਵੱਲੋਂ ਮਜ਼ਦੂਰ ਜਮਾਤ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਬੱਸ ਸਟੈਂਡ ਜ਼ੀਰਾ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਝੰਡੇ ਦੀ ਰਸਮ ਅਦਾ ਕਰਨ ਉਪਰੰਤ ਯੂਨੀਅਨ ਦੇ ਪ੍ਰਧਾਨ ਤਰਸੇਮ ਸਿੰਘ ਹਰਾਜ ਤੇ ਹੋਰਾਂ ਨੇ ਕਿਹਾ ਕਿ ਕਾਰਪੋਰੇਟ ਪੱਖੀ ਸਿਸਟਮ ਅਤੇ ਸਰਕਾਰਾਂ ਵਿਰੁੱਧ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਲਾਮਬੰਦ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੀ ਲੋੜ ਹੈ। ਪ੍ਰੋਗਰਾਮ ਦੌਰਾਨ ਲੋਕ ਕਲਾ ਮੰਚ ਮਜੀਠਾ ਦੀ ਟੀਮ ਨੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲਿਖਿਆ ਇਨਕਲਾਬੀ ਨਾਟਕ ‘ਤੂੰ ਸਿਰੜ ਨਾ ਸਾਡਾ ਜਾਣੇ’ ਖੇਡ ਕੇ ਦਰਸ਼ਕਾਂ ਤੋਂ ਵਾਹ-ਵਾਹੀ ਖੱਟੀ। ਇਸ ਸਮੇਂ ਅਮਨਦੀਪ ਕੌਰ ਖੀਵਾ ਅਤੇ ਲਵਪ੍ਰੀਤ ਸਿੰਘ ਫੇਰੋਕੇ ਵੱਲੋਂ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ।
ਮਿਹਨਤਕਸ਼ ਲੋਕਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਟਰੇਡ ਯੂਨੀਅਨ ਕੌਂਸਲ (ਏਟਕ) ਫ਼ਰੀਦਕੋਟ ਦੇ ਸੱਦੇ ’ਤੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਮਜ਼ਦੂਰਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਸਥਾਨਕ ਬੱਸ ਸਟੈਂਡ ’ਤੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵੀ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਸਰਮਾਏਦਾਰਾਂ ਵੱਲੋਂ ਮਜ਼ਦੂਰ ਤਬਕੇ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਇਸ ਲਈ ਮਜ਼ਦੂਰ ਵਰਗ ਨੂੰ ਤਕੜੇ ਹੋ ਕੇ ਇੱਕਮੰਚ ’ਤੇ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।
ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮਾਰਚ
ਬਰਨਾਲਾ (ਖੇਤਰੀ ਪ੍ਰਤੀਨਿਧ): ਸ਼ਹਿਰ ਅੰਦਰ ਵੱਖ-ਵੱਖ ਥਾਈਂ ਮਜ਼ਦੂਰ, ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਵੱਲੋਂ ਸਮਾਗਮ ਕਰਕੇ ਮਈ ਦਿਹਾੜੇ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ। ਇਨਕਲਾਬੀ ਕੇਂਦਰ ਪੰਜਾਬ ਦੇ ਸੂੂਬਾ ਪ੍ਰਧਾਨ ਨਰਾਇਣ ਦੱਤ ਤੇ ਡਾ. ਰਾਜਿੰਦਰਪਾਲ ਦੀ ਅਗਵਾਈ ਹੇਠ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਉਪਰੰਤ ਸ਼ਹਿਰ ਅੰਦਰ ਜੋਸ਼ੀਲਾ ਇਨਕਲਾਬੀ ਮਾਰਚ ਕੀਤਾ ਗਿਆ। ਕਾਮਰੇਡ ਦੱਤ ਸਮੇਤ ਕਿਸਾਨ ਆਗੂ ਮਨਜੀਤ ਧਨੇਰ, ਗੁਰਦੇਵ ਮਾਗੇਵਾਲ ਆਦਿ ਨੇ ਮਈ ਦਿਵਸ ਦੀ ਮਹੱਤਤਾ ਤੇ ਇਤਿਹਾਸਿਕ ਪ੍ਰਸੰਗਿਕਤਾ ਸਬੰਧੀ ਚਾਨਣਾ ਪਾਇਆ।