ਪੱਤਰ ਪ੍ਰੇਰਕ
ਸ਼ਹਿਣਾ, 3 ਮਾਰਚ
ਬਲਾਕ ਸ਼ਹਿਣਾ ਦੇ ਪਿੰਡ ਮੌੜ ਨਾਭਾ ਦੇ ਵਸਨੀਕ ਪਿਛਲੇ 4 ਮਹੀਨੇ ਤੋਂ ਵਾਟਰ ਵਰਕਸ ਦੀਆਂ ਪਾਈਪਾਂ ’ਚ ਰਲਕੇ ਆ ਰਹੇ ਗੰਦਾ ਪਾਣੀ ਨੂੰ ਪੀਣ ਲਈ ਮਜਬੂਰ ਹਨ। ਇਸ ਗੰਦੇ ਪਾਣੀ ਤੋਂ ਅੱਕੇ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ। ਪਿੰਡ ਵਾਸੀ ਮਨਦੀਪ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਕੋਲ ਲੱਗਿਆ ਗੇਟਵਾਲ ਖਰਾਬ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ’ਚ ਰਲ ਰਿਹਾ ਹੈ ਅਤੇ ਪਾਈਪਾਂ ਰਾਹੀ ਘਰਾਂ ’ਚ ਜਾ ਰਿਹਾ ਹੈ। ਦੁਖੀ ਲੋਕਾਂ ਨੇ ਇਸ ਸਬੰਧੀ ਹਾਜ਼ਰ ਵਾਟਰ ਵਰਕਸ ਦੇ ਕਰਮਚਾਰੀ ਨੂੰ ਵੀ ਜਾਣੂ ਕਰਵਾਇਆ। ਗੇਟਵਾਲ ਖਰਾਬ ਹੋਣ ਕਾਰਨ ਪਾਣੀ ਦੀ ਸਪਲਾਈ ਸਿੱਧੇ ਤੌਰ ’ਤੇ ਹੀ ਦਿੱਤੀ ਜਾ ਰਹੀ ਹੈ। ਸਿੱਧੀ ਪਾਣੀ ਦੀ ਸਪਲਾਈ ਉੱਚੇ ਘਰਾਂ ’ਚ ਨਹੀਂ ਜਾਂਦੀ ਹੈ ਅਤੇ ਨੀਵੇਂ ਘਰਾਂ ਦਾ ਵਾਧੂ ਪਾਣੀ ਗਲੀਆਂ ’ਚ ਵਗਦਾ ਰਹਿੰਦਾ ਹੈ। ਵਾਟਰ ਵਰਕਸ ਦੇ ਕਰਮਚਾਰੀ ਹੰਸ ਸਿੰਘ ਨੇ ਕਿਹਾ ਕਿ ਉਹ ਆਪਣਾ ਕੰਮ ਠੀਕ ਤਰੀਕੇ ਨਾਲ ਕਰ ਰਹੇ ਹਨ। ਗੇਟਵਾਲ ਸਬੰਧੀ ਵਾਰ-ਵਾਰ ਮਹਿਕਮੇ ਨੂੰ ਲਿਖਿਆ ਹੈ ਅਤੇ ਜੂਨ ਤੋਂ ਲਿਖ ਰਿਹਾ ਹਾਂ। ਉਸ ਨੇ ਤਾਂ ਇਹ ਵੀ ਕਿਹਾ ਕਿ ਤਾਲਾਬੰਦੀ ਦੌਰਾਨ ਪਾਈਪਾਂ ਠੀਕ ਕਰਾਉਣ ’ਤੇ ਉਸ ਦੇ ਪੱਲਿਓਂ 2500 ਰੁਪਏ ਖਰਚ ਚੁੱਕੇ ਹਨ, ਜੋ ਕਿ ਉਸ ਨੂੰ ਹਾਲੇ ਤੱਕ ਨਹੀਂ ਮਿਲੇ ਹਨ।