ਪੱਤਰ ਪ੍ਰੇਰਕ
ਮਾਨਸਾ, 10 ਅਗਸਤ
ਸਮੂਹ ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ 6 ਤੋਂ 11 ਅਗਸਤ ਤੱਕ ਗਣਿਤ ਮੇਲੇ ਕਰਵਾਏ ਜਾ ਰਹੇ ਹਨ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਉਤਸ਼ਾਹ ਪੂਰਵਕ ਸ਼ਮੂਲੀਅਤ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ’ਚ ਗਣਿਤ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਵਿੱਦਿਅਕ ਮੇਲਿਆਂ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹੌਸਲਾ ਮਿਲਦਾ ਹੈ। ਗਣਿਤ ਮਾਹਿਰ ਅਧਿਆਪਕ ਅਰੁਨ ਕੁਮਾਰ ਗਰਗ ਨੇ ਦੱਸਿਆ ਕਿ ਗਣਿਤ ਮੇਲੇ ਤੋਂ ਪਹਿਲਾਂ ਹਰ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਮਾਡਲਾਂ ਅਤੇ ਗਤੀਵਿਧੀਆਂ ਦੀ ਤਿਆਰੀ ਕਰਵਾਈ ਗਈ ਹੈ।
ਸਮਾਲਸਰ (ਪੱਤਰ ਪ੍ਰੇਰਕ): ਸਰਕਾਰੀ ਹਾਈ ਸਕੂਲ ਡੇਮਰੂ ਖੁਰਦ ਵਿਚ ਡੀਡੀਓ ਸ਼ਮਸ਼ੇਰ ਸਿੰਘ ਅਤੇ ਇੰਚਾਰਜ ਰਾਜਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਗਣਿਤ ਮੇਲਾ ਕਰਵਾਇਆ ਗਿਆ। ਇਸ ਮੇਲੇ ਦੀ ਅਗਵਾਈ ਗਣਿਤ ਅਧਿਆਪਕ ਪ੍ਰਦੀਪ ਸ਼ਰਮਾ ਨੇ ਕੀਤੀ। ਇਹ ਮੇਲਾ ਉਸਾਰੂ ਅਤੇ ਰੌਚਕ ਹੋ ਨਿੱਬੜਿਆ। ਇਸ ਮੌਕੇ ਬਲਜਿੰਦਰ ਸਿੰਘ, ਵੀਰਪਾਲ ਕੌਰ, ਮਨਜੀਤ ਕੌਰ, ਬਲਜੀਤ ਸਿੰਘ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਗਣਿਤ ਮੇਲਾ ਲਗਾਇਆ ਗਿਆ। ਇਸ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਆਪਣੇ ਬਣਾਏ ਗਣਿਤ ਦੇ ਮਾਡਲ ਪੇਸ਼ ਕੀਤੇ। ਪ੍ਰਿੰਸੀਪਲ ਜਸਵੀਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ 33 ਤੋਂ ਵੱਧ ਗਣਿਤ ਦੇ ਵਰਕਿੰਗ ਮਾਡਲ ਅਤੇ ਕਿਰਿਆਵਾਂ ਪੇਸ਼ ਹੋਈਆਂ। ਇਸ ਨਾਲ ਬੱਚਿਆਂ ਵਿੱਚ ਸਵੈਵਿਸ਼ਵਾਸ਼ ਪੈਦਾ ਹੋਇਆ ਅਤੇ ਉਹ ਗਣਿਤ ਦੇ ਕੰਸੈਪਟ ਸਮਝਣ ਅਤੇ ਸਮਝਾਉਣ ਵਿੱਚ ਸਫ਼ਲ ਰਹੇ।