ਪੱਤਰ ਪ੍ਰੇਰਕ
ਟੱਲੇਵਾਲ, 19 ਅਪਰੈਲ
ਅੱਠਵਾਂ ‘ਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਪੁਰਸਕਾਰ’ ਕਹਾਣੀਕਾਰ ਮੁਖਤਾਰ ਗਿੱਲ ਨੂੰ ਪ੍ਰਦਾਨ ਕੀਤਾ ਗਿਆ। ਇਸ ਐਵਾਰਾਡ ਵਿਚ ਸਨਮਾਨ ਪੱਤਰ, ਲੋਈ ਅਤੇ ਨਕਦ ਰਾਸ਼ੀ ਸ਼ਾਮਲ ਹੁੰਦੀ ਹੈ। ਸਮਾਗਮ ਦੀ ਪ੍ਰਧਾਨਗੀ ਕਕਰਦਿਆਂ ਹਿਰਦੇਪਾਲ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਲਮ ਨਾਲ ਜੁੜੇ ਗਿੱਲ ਨੇ ਸਾਹਿਤ ਸਿਰਜਣਾ ਨੂੰ ਇਸ਼ਟ ਦੀ ਤਰ੍ਹਾਂ ਅਪਣਾਇਆ ਹੋਇਆ ਹੈ। ਸ਼ਾਇਰ ਬੀਬਾ ਬਲਵੰਤ ਅਤੇ ਜਤਿੰਦਰ ਔਲਖ ਨੇ ਕਿਹਾ ਕਿ ਮੁਖਤਾਰ ਗਿੱਲ ਉਨ੍ਹਾਂ ਲੇਖਕਾਂ ਵਿਚ ਸ਼ਾਮਲ ਹੈ, ਜੋ ਬਿਨਾਂ ਕਿਸੇ ਐਵਾਰਡ ਦੀ ਝਾਕ ਰੱਖਿਆਂ ਆਪਣੀ ਸਿਰਜਣਾ ਨੂੰ ਪਹਿਲ ਦਿੰਦੇ ਹਨ। ‘ਅੱਖਰ’ ਦੇ ਸੰਪਾਦਕ ਵਿਸ਼ਾਲ ਅਤੇ ਸ਼ਾਇਰ ਤਰਸੇਮ ਦਾ ਮੱਤ ਸੀ ਕਿ ਗਿੱਲ ਦੀਆਂ ਕਹਾਣੀਆਂ ਸਰਹੱਦੀ ਲੋਕਾਂ ਦੀ ਇਕ ਖਾਸ ਕਿਸਮ ਦੀ ਸੱਭਿਅਤਾ ਨੂੰ ਪਾਠਕਾਂ ਸਾਹਮਣੇ ਰੱਖਦੀਆਂ ਹਨ। ਲੋਕ ਰੰਗ ਸਭਾ ਬਰਨਾਲਾ ਦੇ ਕਨਵੀਨਰ ਭੋਲਾ ਸਿੰਘ ਸੰਘੇੜਾ ਅਤੇ ਜਸਬੀਰ ਕਲਸੀ ਦਾ ਸਾਂਝਾ ਵਿਚਾਰ ਰਿਹਾ ਕਿ ਗਿੱਲ ਨੇ ਰਾਵੀ ਦਰਿਆ ਨੇੜਲੇ ਲੋਕਾਂ ਨੇ ਜੀਵਨ ਅਤੇ ਦੁਸ਼ਵਾਰੀਆਂ ਨੂੰ ਆਪਣੀਆਂ ਕਹਾਣੀਆਂ ਵਿਚ ਚਿੱਤਰਿਆ ਹੈ। ਡਾ. ਹਰਭਗਵਾਨ ਤੇ ਪਰਮਜੀਤ ਮਾਨ ਨੇ ਕਿਹਾ ਕਿ ਰਾਅ ਸਿੱਖ ਬਰਾਦਰੀ ਦੇ ਲੋਕਾਂ ਦੇ ਜੀਵਨ ਨੂੰ ਜੇ ਜਾਣਨਾ ਤੇ ਸਮਝਣਾ ਹੋਵੇ ਗਿੱਲ ਦੀਆਂ ਕਹਾਣੀਆਂ ਦਾ ਅਧਿਐਨ ਕਰਨਾ ਪਵੇਗਾ।