ਪੱਤਰ ਪੇ੍ਰਕ
ਨਿਹਾਲ ਸਿੰਘ ਵਾਲਾ, 22 ਨਵੰਬਰ
ਦਿੱਲੀ ਕਿਸਾਨ ਮੋਰਚੇ ਦੀ ਸ਼ਹੀਦ ਮਾਤਾ ਮਹਿੰਦਰ ਕੌਰ ਹਿੰਮਤਪੁਰਾ ਨਮਿਤ ਸ਼ਰਧਾਜਲੀ ਸਮਾਗਮ ਗੁਰਦੁਆਰਾ ਨਾਮਧਾਰੀ ਹਿੰਮਤਪੁਰਾ ਵਿਖੇ ਕੀਤਾ ਗਿਆ। ਭੋਗ ਉਪਰੰਤ ਔਰਤਾਂ ਮਰਦਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਕੌਰ ਕੁੱਸਾ, ਕਰਮਜੀਤ ਕੌਰ ਸੋਹੀ, ਜੰਗੀਰ ਸਿੰਘ ਹਿੰਮਤਪੁਰਾ ਤੇ ਚਰਨਜੀਤ ਕੌਰ ਆਗੂਆਂ ਨੇ ਕਿਹਾ ਕਿ ਮਾਤਾ ਮਹਿੰਦਰ ਕੌਰ ਨੇ ਬਿਰਧ ਉਮਰ ਵਿੱਚ ਵੀ ਦੇਸ਼ ਦੀ ਕਿਸਾਨੀ ਦੇ ਭਵਿੱਖ ਦਾ ਫ਼ਿਕਰ ਕਰਦਿਆਂ ਜਿੰਦੜੀ ਦਿੱਲੀ ਕਿਸਾਨ ਮੋਰਚਾ ਦੇ ਲੇਖੇ ਲਾਈ। ਕਿਰਤੀ ਕਿਸਾਨਾਂ ਦੀ ਸਾਂਝੀ ਲੜਾਈ ਤੇ ਮਾਤਾ ਮਹਿੰਦਰ ਕੌਰ ਵਰਗੀਆਂ ਔਰਤਾਂ ਕਾਰਨ ਹੀ ਮੋਦੀ ਸਰਕਾਰ ਨੂੰ ਕਾਲੇ ਬਿੱਲ ਰੱਦ ਕਰਨੇ ਪਏ ਹਨ। ਇਸ ਸਮੇਂ ਤਰਲੋਕ ਸਿੰਘ ਹਿੰਮਤਪੁਰਾ,ਦਰਸ਼ਨ ਸਿੰਘ ਹਿੰਮਤਪੁਰਾ,ਬਾਬਾ ਜਸਵੰਤ ਸਿੰਘ ਨਾਮਧਾਰੀ,ਗੁਰਮਖ ਸਿੰਘ ਹਿੰਮਤਪੁਰਾ ਆਦਿ ਵੱਖ ਵੱਖ ਜਥੈਬੰਦੀਆਂ ਦੇ ਆਗੂਆਂ ਨੇ ਵੀ ਮਾਤਾ ਨੂੰ ਸ਼ਰਧਾਜਲੀ ਭੇਟ ਕੀਤੀ।
ਸ਼ਹਿਣਾ (ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਨਾਮਧਾਰੀ ਦੀ ਅਗਵਾਈ ਹੇਠ ਸ਼ਹਿਣਾ ਵਿਖੇ ਹੋਈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਗਗਨਦੀਪ ਬਰਾੜ ਨੇ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਸਾਡੇ 700 ਕਿਸਾਨ ਸ਼ਹੀਦ ਚੁੱਕੇ ਹਨ, ਜੋ ਇਤਿਹਾਸ ਵਿੱਚ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੰਨੇ ਕਾਨੂੰਨ ਰੱਦ ਕਰਨ ਦਾ ਐਲਾਨ ਤਾਂ ਕੀਤਾ ਹੈ ਪ੍ਰੰਤੂ ਜਦੋਂ ਤੱਕ ਸੰਸਦ ਇਜਲਾਜ ਵਿੱਚ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਘਰ ਨਹੀਂ ਜਾਣਗੇ।
ਤਿਲੰਗਾਨਾ ਦੇ ਮੁੱਖ ਮੰਤਰੀ ਦੀ ਕੀਤੀ ਪ੍ਰਸ਼ੰਸਾ
ਬਰਨਾਲਾ (ਖੇਤਰੀ ਪ੍ਰਤੀਨਿਧ): ਇਥੇ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ 418ਵੇਂ ਦਿਨ ਵੀ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਜਾਗਰੂਕਤਾ ਦਾ ਅਸਰ ਹੈ ਕਿ ਤਿਲੰਗਾਨਾ ਦੇ ਕਿਸਾਨ ਝੋਨੇ ਦੀ ਸਾਰੀ ਫਸਲ ਦੀ ਖਰੀਦ ਐਮਐਸਪੀ ’ਤੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਪਿਛਲੇ ਦਿਨੀਂ ਉਸ ਸੂਬੇ ਦਾ ਮੁੱਖ ਮੰਤਰੀ ਵੀ ਕਿਸਾਨਾਂ ਨਾਲ ਧਰਨੇ ’ਤੇ ਬੈਠਾ। ਇਹ ਸਾਡੇ ਅੰਦੋਲਨ ਲਈ ਸ਼ੁਭ ਸੰਕੇਤ ਹੈ। ਬੁਲਾਰਿਆਂ ਨੇ ਕਿਹਾ ਕਿ ਬਰਨਾਲਾ ਤੋਂ ਦਿੱਲੀ ਮੋਰਚੇ ਲਈ ਰਵਾਨਾ ਹੋਣ ਵਾਲੇ ਕਾਫਲੇ 24 ਤੇ 25 ਤਰੀਕ ਨੂੰ ਨਿੱਜੀ ਵਾਹਨਾਂ ਅਤੇ ਬਰਨਾਲਾ ਤੋਂ ਸਵੇਰੇ 6:10 ਵਜੇ ਚੱਲਣ ਵਾਲੀ ਟਰੇਨ ਰਾਹੀਂ ਰਵਾਨਾ ਹੋਣਗੇ।
ਕਿਸਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ
ਨਿਹਾਲ ਸਿੰਘ ਵਾਲਾ (ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਪਿੰਡ ਰੌਂਤਾ ਸਥਿਤ ਦਾਣਾ ਮੰਡੀ ਤੋਂ ਦਿੱਲੀ ਲਈ ਰਵਾਨਾ ਹੋਇਆ। ਇਸ ਸਮੇਂ ਗੁਰਮੇਲ ਸਿੰਘ ਔਲਖ, ਜਗਦੀਪ ਸਿੰਘ ਧਾਲੀਵਾਲ, ਨੇਕ ਸਿੰਘ ਧਾਲੀਵਾਲ, ਗੁਰਦੇਵ ਸਿੰਘ, ਲਛਮਣ ਸਿੰਘ ਤੇ ਮੇਜਰ ਸਿੰਘ ਔਲਖ ਆਦਿ ਮੌਜੂਦ ਸਨ। ਕਿਸਾਨ, ਮਜਦੂਰਾਂ ਤੇ ਮੁਲਾਜ਼ਮਾਂ ਦੇ ਏਕੇ ਦੀ ਜਿੱਤ ਵਿੱਚ ਜ਼ੋਰਦਾਰ ਨਾਅਰੇ ਲਗਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।
ਸਿਰਸਾ (ਪੱਤਰ ਪੇ੍ਰਕ): ਅੰਦੋਲਨ ਦੀ ਵਰ੍ਹੇਗੰਢ ’ਤੇ ਹਜ਼ਾਰਾਂ ਦੀ ਗਿਣਤੀ ’ਚ ਸਿਰਸਾ ਤੋਂ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਇਸ ਦੀ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ। ਐੱਮਐੱਸਪੀ ਦੇ ਕਾਨੂੰਨ ਬਣਨ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ। ਇਹ ਗੱਲ ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਅੱਜ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕਿਸਾਨਾਂ ਵੱਲੋਂ ਲਾਏ ਗਏ ਪੱਕੇ ਮੋਰਚੇ ’ਤੇ ਪ੍ਰੈਸ ਕਾਨਫਰੰਸ ਕਰਦਿਆਂ ਕਹੀ।