ਨਿਰੰਜਣ ਬੋਹਾ
ਬੋਹਾ, 28 ਜੂਨ
ਪਿਛਲੇ ਦਿਨੀਂ ਭਾਰਤ-ਚੀਨ ਸਰਹੱਦ ’ਤੇ ਸ਼ਹੀਦ ਹੋਏ ਖੇਤਰ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਸ਼ਹੀਦ ਗੁਰਤੇਜ ਸਿੰਘ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਗ੍ਰਾਂਮ ਪੰਚਾਇਤ ਅਤੇ ਸਮੂਹ ਇਲਾਕਾ ਵਾਸੀਆਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਸ਼ਹੀਦ ਗੁਰਤੇਜ ਸਿੰਘ ਮਿਡਲ ਸਕੂਲ ਵੀਰੇਵਾਲਾ ਡੋਗਰਾ ਵਿੱਚ ਵਿਸ਼ਾਲ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸ੍ਰੀ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਕੀਤਾ।
ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਆਪਣੇ ਖੂਨ ਦਾ ਕਤਰਾ ਕਤਰਾ ਵਹਾਉਣ ਵਾਲੇ ਦੇਸ਼ ਦੇ ਸ਼ਹੀਦਾਂ ਨੂੰ ਮੈਂ ਦਿਲੋਂ ਸਲਾਮ ਕਰਦਾਂ ਹਾਂ ਅਤੇ ਸ਼ਹੀਦਾਂ ਦਾ ਕਰਜ਼ਾ ਕਦੇ ਉਤਾਰਿਆ ਨਹੀਂ ਜਾ ਸਕਦਾ। ਇਸ ਖੂਨਦਾਨ ਕੈਂਪ ’ਚ ਖ਼ੂਨਦਾਨੀਆਂ ਵੱਲੋਂ 74 ਯੂਨਿਟ ਖੂਨਦਾਨ ਕੀਤਾ ਗਿਆ।
ਸ਼ਹੀਦ ਪਰਿਵਾਰ ਵੱਲੋਂ ਸਮਾਜਸੇਵੀ ਸੰਸਥਾ ਦਾ ਸਨਮਾਨ
ਬੀਤੇ ਦਿਨ ਸ਼ਹੀਦ ਗੁਰਤੇਜ ਸਿੰਘ ਦੇ ਭੋਗ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ਾਹ ਸਤਨਾਮ ਗਰੀਨ ਵੈੱਲਫੇਅਰ ਫੋਰਸ ਬਲਾਕ ਬੋਹਾ ਦੇ ਸੇਵਾਦਾਰਾਂ ਨੂੰ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆਂ। ਇਸ ਮੌਕੇ ਸ਼ਹੀਦ ਪਰਿਵਾਰ ਦੇ ਮੈਂਬਰ ਮਨਮਿੰਦਰ ਨੇ ਕਿਹਾ ਕਿ ਇਸ ਸਮਾਜਦੇਵੀ ਸੰਸਥਾ ਦੇ ਸੇਵਾਦਾਰਾਂ ਨੇ ਲਗਾਤਾਰ ਤਨ ਅਤੇ ਮਨ ਨਾਲ ਆਪਣੀਆਂ ਸੇਵਾਂਵਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਦੇ ਸਸਕਾਰ ਮੌਕੇ ਸੇਵਾਦਾਰਾਂ ਨੇ ਪਿੰਡ ਦੀਆਂ ਗਲੀਆਂ ਅਤੇ ਮਕਾਨਾਂ ਨੂੰ ਸੈਨੇਟਾਈਜ਼ ਕੀਤਾ।
ਤਰਕਸ਼ੀਲ ਆਗੂ ਵੱਲੋਂ ਮਾਤਾ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ਼
ਭੁੱਚੋ ਮੰਡੀ, (ਟਨਸ): ਇੱਥੇ ਵਾਰਡ ਨੰਬਰ ਇੱਕ ’ਚ ਤਰਕਸ਼ੀਲ ਸੁਸਾਇਟੀ ਇਕਾਈ ਭੁੱਚੋ ਦੇ ਪ੍ਰਧਾਨ ਗੁਰਸੇਵਕ ਸੇਕੀ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੀ ਮਾਤਾ ਬਲਵੀਰ ਕੌਰ ਦੀ ਅੱਠਵੀਂ ਬਰਸੀ ਮੌਕੇ 9ਵਾਂ ਸਵੈਇੱਛਕ ਖ਼ੂਨਦਾਨ ਕੈਂਪ ਲਗਵਾਇਆ ਗਿਆ। ਇਸ ਵਿੱਚ ਇੱਕ ਔਰਤ ਸਮੇਤ 27 ਲੋਕਾਂ ਨੇ ਖੂਨਦਾਨ ਕੀਤਾ।