ਪੱਤਰ ਪ੍ਰੇਰਕ
ਅਬੋਹਰ, 4 ਦਸੰਬਰ
ਢਾਣੀ ਬਿਸ਼ੇਸ਼ਰਨਾਥ ਵਾਸੀ ਇੱਕ ਵਿਆਹੁਤਾ 20 ਦਿਨ ਪਹਿਲਾਂ ਭੇਤਭਰੀ ਹਾਲਤ ਵਿੱਚ ਘਰੋਂ ਲਾਪਤਾ ਹੈੈ। ਔਰਤ ਦੇ ਪਤੀ ਨੇ ਨਗਰ ਥਾਣਾ- 2 ਦੀ ਪੁਲੀਸ ਕੋਲ ਰਿਪੋਰਟ ਦਰਜ ਕਰਵਾਉਂਦਿਆਂ ਉਸ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਗਗਨ ਨੇ ਦੱਸਿਆ ਕਿ ਉਸਦਾ ਵਿਆਹ 4 ਸਾਲ ਪਹਿਲਾਂ ਸੁਨੀਤਾ ਰਾਣੀ ਵਾਸੀ ਛੋਟਾ ਫਲੀਆਂਵਾਲਾ ਜ਼ਿਲ੍ਹਾ ਫਾਜ਼ਿਲਕਾ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸਦੀ ਪਤਨੀ ਖੇਤਾਂ ਵਿੱਚ ਨਰਮਾ ਚੁਗਣ ਲਈ ਜਾਂਦੀ ਹੈ ਤੇ 15 ਨਵੰਬਰ ਦੀ ਦੁਪਹਿਰ ਕਰੀਬ 1 ਵਜੇ ਉਸ ਦੀ ਪਤਨੀ ਸ਼ਹਿਰ ਵਿੱਚ ਦਵਾਈ ਲੈਣ ਗਈ ਸੀ ਅਤੇ ਰਾਤ ਤੱਕ ਘਰ ਵਾਪਸ ਨਹੀਂ ਪਰਤੀ। ਸ਼ਿਕਾਇਤਕਰਤਾ ਗਗਨ ਮੁਤਾਬਕ ਜਦ ਉਹ ਦਿਹਾੜੀ ਕਰਕੇ ਸ਼ਾਮ ਨੂੰ ਘਰ ਆਇਆ ਤਾਂ ਘਰ ਵਿੱਚ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ ਘਰੋਂ 10 ਹਜ਼ਾਰ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।