ਪਰਮਜੀਤ ਸਿੰਘ
ਫਾਜ਼ਿਲਕਾ, 8 ਜੂਨ
ਕੋਵਿਡ 19 ਦੇ ਚੱਲਦਿਆਂ ਜੂਨ ਮਹੀਨੇ ਤੋਂ ਤਾਲਾਬੰਦੀ ਨੂੰ ਹਟਾਉਂਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਸ਼ਹਿਰਾਂ ਦੇ ਬਾਜ਼ਾਰ ਅਤੇ ਦੁਕਾਨਾਂ ਨੂੰ ਖੁੱਲ੍ਹਣ ਦੇ ਨਵੇਂ ਸਾਰਨੀ ਸਮਾਂ ਤੈਅ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਵੇਰੇ ਸੱਤ ਵਜੇ ਤੋਂ ਲੈ ਕੇ ਸ਼ਾਮ ਸੱਤ ਵਜੇ ਤੱਕ ਜ਼ਰੂਰੀ ਵਸਤਾਂ ਦੀ ਵਿਕਰੀ ਲਈ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ, ਦੂਜੇ ਪਾਸੇ ਸ਼ਰਾਬ ਦੇ ਠੇਕੇ ਅੱਠ ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੈ ਪ੍ਰੰਤੂ ਫ਼ਾਜ਼ਿਲਕਾ ਸ਼ਹਿਰ ਅੰਦਰ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਦੇਰ ਰਾਤ ਅੱਠ ਵਜੇ ਤੋਂ ਲੈ ਕੇ ਨੌਂ ਵਜੇ ਤੱਕ ਦੁਕਾਨਾਂ ਖੋਲ੍ਹੀਆਂ ਜਾਂਦੀਆਂ ਹਨ। ਠੇਕੇਦਾਰਾਂ ਮੁਤਾਬਕ ਉਨ੍ਹਾਂ ਨੂੰ ਗਿਆਰਾਂ ਵਜੇ ਤੱਕ ਠੇਕੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਹੈ, ਜਦੋਂ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਠ ਵਜੇ ਤੱਕ ਠੇਕੇ ਖੋਲ੍ਹਣ ਦੀ ਇਜ਼ਾਜ਼ਤ ਹੈ। ਸ਼ਰਾਬ ਦੇ ਠੇਕੇ ਦੇਰ ਰਾਤ ਤੱਕ ਖੁੱਲ੍ਹੇ ਰਹਿਣ ਬਾਰੇ ਜਦੋਂ ਆਬਕਾਰੀ ਵਿਭਾਗ ਦੇ ਅਧਿਕਾਰੀ ਵਿਜੈ ਖੇੜਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦੇ ਦਫਤਰ ਬੈਠੇ ਐਕਸਾਈਜ਼ ਦੇ ਇੱਕ ਹੋਰ ਅਧਿਕਾਰੀ ਨੇ ਮੀਡੀਆ ਕਰਮੀਆਂ ਨਾਲ ਦੁਰਵਿਹਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਸਬ-ਡਿਵੀਜ਼ਨ ਫਾਜ਼ਿਲਕਾ ਦੇ ਐੱਸਡੀਐੱਮ ਕੇਸ਼ਵ ਗੋਇਲ ਨੇ ਕਿਹਾ ਕਿ ਕੋਵਿਡ 19 ਦੌਰਾਨ ਜਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਦੁਕਾਨਦਾਰਾਂ ਅਤੇ ਸ਼ਰਾਬ ਦੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।