ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਨਵੰਬਰ
ਸੂਬੇ ’ਚ ਕੁਝ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਸਿਆਸਤ ਇੱਕ ਵਾਰ ਫਿਰ ਮੁੜ ਤੋਂ ਗਰਮਾਉਣ ਲੱਗ ਪਈ ਹੈ। ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕੈਪਟਨ ਸਰਕਾਰ ਲਈ ਸ਼ਹਿਰੀ ਖੇਤਰ ਦੀਆਂ ਚੋਣਾਂ ਦਾ ਇਹ ਪਲੇਠਾ ਇਮਤਿਹਾਨ ਹੈ। ਨਗਰ ਕੌਂਸਲ ਚੋਣਾਂ ਦੀਆਂ ਸੰਭਾਵਨਾ ਨੂੰ ਲੈ ਕੇ ਚਾਹਵਾਨਾਂ ਨੇ ਕਮਰਕੱਸੇ ਕਰ ਲਏ ਹਨ। ਮੋਗਾ ਨਗਰ ਨਿਗਮ ਦਾ ਕਾਰਜਕਾਲ ਮਾਰਚ ਵਿੱੱਚ ਖਤਮ ਹੋ ਚੁੱੱਕਾ ਹੈ। ਸਿਆਸਤ ’ਚੋਂ ਹਾਸ਼ੀਏ ’ਤੇ ਪਹੁੰਚੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਮੁੜ ਸਰਗਰਮ ਹੋਏ ਹਨ। ਉਨ੍ਹਾਂ ‘ਮੇਰਾ ਸੋਹਣਾ ਮੋਗਾ ਬੈਨਰ’ ਹੇਠ ਚੰਗੇ ਅਕਸ ਵਾਲੇ ਉਮੀਦਵਾਰ ਖੜ੍ਹੇ ਕਰਕੇ ਮੋਰਚਾ ਫਤਹਿ ਕਰਨਾ ਏਜੰਡੇ ’ਤੇ ਲੈ ਲਿਆ ਹੈ। ਸਾਬਕਾ ਕੌਂਸਲਰ ਕ੍ਰਿਸ਼ਨ ਸੂਦ ਨੇ ਦੱਸਿਆ ਕਿ ਮੇਰਾ ਸੋਹਣਾ ਮੋਗਾ ਬੈਨਰ ਹੇਠ ਚੰਗੇ ਅਕਸ ਵਾਲੇ ਉਮੀਦਵਾਰ ਖੜ੍ਹੇ ਕਰਕੇ ਮੋਰਚਾ ਫਤਹਿ ਕਰਨ ਲਈ ਸਾਬਕਾ ਡੀਜੀਪੀ ਪੀਐੱਸ ਗਿੱਲ ਜੋ ਉਨ੍ਹਾਂ ਦੇ ਕਰੀਬੀ ਹਨ, ਨੇ ਏਜੰਡਾ ਤਿਆਰ ਕਰਨ ਲਈ ਜਲਦੀ ਕੋਰ ਕਮੇਟੀ ਦੀ ਮੀਟਿੰਗ ਸੱਦਣ ਲਈ ਆਖਿਆ ਹੈ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਪਾਰਟੀ ਆਗੂਆਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਥੇ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪੁਰਾਣੇ 50 ਵਾਰਡਾਂ ਵਿੱਚੋਂ ਕੁਝ ਦੀ ਨਵੀਂ ਵਾਰਡਬੰਦੀ ਕੀਤੀ ਗਈ ਹੈ। ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਤੇ ਭਾਜਪਾ ਵੱਲੋਂ ਇਤਰਾਜ਼ ਦਰਜ ਹੋ ਚੁੱਕੇ ਹਨ। ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਸਾਬਕਾ ਕੌਂਸਲਰ ਜੋ ਪਹਿਲਾਂ ਜਿੱਤੇ ਹੋਏ ਹਨ, ਹੁਣ ਫਿਰ ਦੁਬਾਰਾ ਤੋਂ ਚੋਣ ਲੜਨ ਦੇ ਚਾਹਵਾਨ ਹਨ ਅਤੇ ਕੁਝ ਨਵੇਂ ਨੌਜਵਾਨ ਆਗੂ ਵੀ ਚੋਣ ਲੜਨ ਦੀ ਤਿਆਰੀ ਵਿੱਚ ਜੁਟੇ ਹੋਏ ਹਨ।