ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਜੂਨ
ਕਿਸਾਨ ਸੰਘਰਸ਼ ਦੌਰਾਨ ਮਲੋਟ ਅਤੇ ਹੋਰ ਥਾਵਾਂ ’ਤੇ ਦਰਜ ਝੂਠੇ ਪਰਚੇ ਅਤੇ ਔਰਬਿਟ ਬੱਸ ਦੇ ਕੰਡਕਟਰ ਵੱਲੋਂ ਕਾਲਜ ਵਿਦਿਆਰਥੀਆਂ ਨਾਲ ਕੀਤੀ ਗੁੰਡਾਗਰਦੀ ਦੇ ਸਬੰਧ ’ਚ ਵਿਦਿਆਰਥੀਆਂ ਵੱਲੋਂ ਧਰਨਾ ਦੇਣ ਉਪਰੰਤ ਕੀਤੇ ਝੂਠੇ ਪਰਚੇ ਰੱਦ ਕਰਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਮੁਕਤਸਰ ਵੱਲੋਂ ਪਹਿਲਾਂ ਭਾਈ ਮਹਾਂ ਸਿੰਘ ਦੀਵਾਨ ਹਾਲ ’ਚ ਵਿਸ਼ਾਲ ਇਕੱਠ ਕਰ ਕੇ ਵੱਖ-ਵੱਖ ਆਗੂਆਂ ਵੱਲੋਂ ਤਕਰੀਰਾ ਕੀਤੀਆਂ ਗਈਆਂ। ਇਸ ਤੋਂ ਉਪਰੰਤ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਇੰਦਰਜੀਤ ਸਿੰਘ ਅਸਪਾਲਾਂ, ਪਰਮਿੰਦਰ ਸਿੰਘ ਉੜਾਂਗ, ਗਗਨਦੀਪ ਸਿੰਘ ਕਬਰਵਾਲਾ, ਦਰਸ਼ਨ ਸਿੰਘ ਰੁਪਾਣਾ, ਗੁਰਮੀਤ ਸਿੰਘ ਲੰਬੀ ਢਾਬ, ਹਰਮਨਦੀਪ ਸਿੰਘ ਬਾਂਮ ਨੇ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਝਬੇਲਵਾਲੀ, ਗੁਰਦੀਪ ਸਿੰਘ ਖੁੱਡੀਆਂ, ਗਗਨਦੀਪ ਸਿੰਘ ਕਬਰਵਾਲਾ, ਗੁਰਦਸ਼ਨ ਸਿੰਘ ਰੁਪਾਣਾ, ਲੱਖਾ ਸ਼ਰਮਾ ਮਲੋਟ, ਲਖਵੰਤ ਕਿਰਤੀ, ਮੰਗਾ ਅਜ਼ਾਦ, ਸੁਖਪ੍ਰੀਤ ਕੌਰ ਨੇ ਕਿਹਾ ਕਿ ਅੱਜ ਵੀ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟਿਆ ਜਾ ਰਿਹਾ ਤੇ ਝੂਠੇ ਪਰਚੇ ਦਰਜ਼ ਕੀਤੇ ਜਾ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੈ। ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਮੁਕਤਸਰ ਦੇ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 30 ਜੂਨ ਤੱਕ ਕਿਸਾਨ ਅਤੇ ਵਿਦਿਆਰਥੀਆਂ ’ਤੇ ਪਾਏ ਝੂਠੇ ਪਰਚੇ ਰੱਦ ਨਹੀਂ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਪੱਧਰ ’ਤੇ ਇਕੱਠ ਕਰਕੇ ਧਰਨਾ ਦਿੱਤਾ ਜਾਵੇਗਾ ਅਤੇ ਰੋਸ ਮਾਰਚ ਕੀਤਾ ਜਾਵੇਗਾ। ਰੋਸ ਮਾਰਚ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਨਿਭਾਈ।