ਲਖਵਿੰਦਰ ਸਿੰਘ
ਮਲੋਟ, 10 ਜੁਲਾਈ
ਪਿੰਡ ਪੱਕੀ ਟਿੱਬੀ ਵਿੱਚ ਲੱਗਿਆ ਕਰੀਬ 50 ਸਾਲ ਪੁਰਾਣਾ ਫਾਟਕ ਨੰਬਰ ਸੀ-39 ਰੇਲਵੇ ਵੱਲੋਂ ਅਚਾਨਕ ਬੰਦ ਕਰਨ ਅਤੇ ਦੋਵੇਂ ਪਾਸਿਉਂ ਸੜਕ ਪੁੱਟਣ ‘ਤੇ ਦਰਜਨਾਂ ਪਿੰਡਾਂ ਦੇ ਬਾਸ਼ਿੰਦਿਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
ਇਸ ਸਬੰਧੀ ਦਾਣਾ ਮੰਡੀ ਮਲੋਟ, ਦੁਕਾਨ ਨੰਬਰ 92 ਵਿੱਚ ਕੀਤੀ ਇੱਕ ਮੀਡੀਆ ਕਾਨਫਰੰਸ ਮੌਕੇ ਪਿੰਡ ਪੱਕੀ ਦੇ ਵਸਨੀਕ ਸਾਬਕਾ ਡਾਇਰੈਕਟਰ ਖੇਤੀਬਾੜੀ ਮੰਗਲ ਸਿੰਘ ਸੰਧੂ, ਜਗਦੇਵ ਸਿੰਘ ਨੰਬਰਦਾਰ, ਯਾਦਵਿੰਦਰ ਸਿੰਘ, ਡਾ. ਜਸਬੀਰ ਸਿੰਘ, ਅਜੀਤ ਸਿੰਘ, ਗੁਰਜੰਟ ਸਿੰਘ, ਨਰਿੰਦਰਪਾਲ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ, ਕਰਨਦੀਪ ਸਿੰਘ ਨੇ ਦੱਸਿਆ ਕਿ ਉਕਤ ਫਾਟਕ ਦਰਜਨਾਂ ਪਿੰਡਾਂ ਨੂੰ ਮਲੋਟ-ਅਬੋਹਰ ਕੌਮੀ ਸ਼ਾਹਰਾਹ ਨਾਲ ਜੋੜਦਾ ਹੈ ਅਤੇ ਰੋਜ਼ ਦਿਹਾੜੀਦਾਰ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਇਹ ਫਾਟਕ ਲੰਘ ਕੇ ਆਪਣੇ ਕੰਮਾਂ ਧੰਦਿਆਂ ਅਤੇ ਖੇਤਾਂ ਨੂੰ ਜਾਂਦੇ ਹਨ। ਇਸ ਫਾਟਕ ‘ਤੇ ਪੁਰਾਣਾ ਗਾਰਡ ਦਾ ਕਮਰਾ ਵੀ ਹੈ, ਜੋ ਸਮੇਂ-ਸਮੇਂ ‘ਤੇ ਫਾਟਕ ਖੋਲ੍ਹਦਾ ਅਤੇ ਬੰਦ ਕਰਦਾ ਹੈ। ਉਨ੍ਹਾਂ ਕਿਹਾ ਕਿ ਮਸਲੇ ਸਬੰਧੀ ਵੱਖ-ਵੱਖ ਪਿੰਡਾਂ ਦੇ ਮੋਹਤਬਰ ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਮਿਲ ਚੁੱਕੇ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਅਗਾਊਂ ਸੂਚਨਾ ਜਾਂ ਢੁਕਵੇਂ ਆਵਾਜਾਈ ਵਿਕਲਪ ਲੱਭਣ ਤੋਂ ਫਾਟਕ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਹੁਣ ਪਿਛਲੇ ਪਿੰਡਾਂ ਦੇ ਲੋਕਾਂ ਨੂੰ ਅਬੋਹਰ ਮਲੋਟ ਹਾਈਵੇਅ ‘ਤੇ ਚੜ੍ਹਨ ਲਈ ਪਹਿਲਾਂ ਮਲੋਟ ਜਾਣਾ ਪਵੇਗਾ ਜਿਸ ਨਾਲ ਕਰੀਬ 15 ਤੋਂ 20 ਕਿਲੋਮੀਟਰ ਦਾ ਪੈਂਡਾ ਵੱਧ ਤੈਅ ਕਰਨਾ ਪਵੇਗਾ। ਰੇਲਵੇ ਦੀ ਇਸ ਕਾਰਵਾਈ ਖਿਲਾਫ਼ ਪਿੰਡ ਗੁਰੂਸਰ ਯੋਧਾ, ਡੱਬਵਾਲੀ ਢਾਬ, ਸਰਾਵਾਂ ਬੋਦਲਾਂ, ਜੋਧਪੁਰ, ਪੱਕੀ ਟਿੱਬੀ ਅਤੇ ਕੱਟਿਆਂਵਾਲੀ ਨੇ ਮਤੇ ਪਾਏ ਹਨ। ਉਨ੍ਹਾਂ ਕਿਹਾ ਕਿ ਜੇ ਇਹ ਫਾਟਕ ਤੁਰੰਤ ਚਾਲੂ ਨਾ ਕੀਤਾ ਗਿਆ ਤਾਂ ਉਹ ਭਰਾਤਰੀ ਕਿਸਾਨ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ।
ਦੂਜੇ ਪਾਸੇ ਰੇਲਵੇ ਦੇ ਅਬੋਹਰ ਸਥਿਤ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਆਥੋਰਾਇਜਡ ਨਹੀਂ ਹਨ, ਇਸ ਸਬੰਧੀ ਅੰਬਾਲੇ ਗੱਲ ਕੀਤੀ ਜਾਵੇ।