ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 9 ਜਨਵਰੀ
ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸ਼ਹਿਣਾ ਇਲਾਕੇ ਵਿੱਚ ਆਲੂਆਂ ਦੀ ਫ਼ਸਲ ਅਤੇ ਸਬਜ਼ੀਆਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਸਬੇ ਸ਼ਹਿਣਾ ਦੇ ਬਸੰਤ ਸਿੰਘ ਦੀ 4 ਏਕੜ ਆਲੂ ਅਤੇ ਦੋ ਕਨਾਲ ਪਿਆਜ ਦੀ ਪਨੀਰੀ ਮੀਂਹ ਦੇ ਪਾਣੀ ’ਚ ਡੁੱਬ ਗਈ। ਕਸਬੇ ਸ਼ਹਿਣਾ ਦੇ ਹੀ ਜੁਗਰਾਜ ਸਿੰਘ ਦੇ 2 ਏਕੜ ਆਲੂ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਪਿੰਡ ਬੱਲੋਕੇ, ਮੌੜ ਨਾਭਾ, ਦਰਾਕਾ, ਪੱਤੀ ਤੇ ਸੁੱਖਪੁਰਾ ਵਿੱਚ ਕਿਸਾਨਾਂ ਦੇ ਆਲੂ, ਮਟਰ ਵੱਡੀ ਪੱਧਰ ’ਤੇ ਪਾਣੀ ਦੀ ਮਾਰ ਹੇਠ ਹਨ। ਪਿੰਡ ਮੌੜ ਨਾਭਾ ਦੇ ਲਖਵੀਰ ਸਿੰਘ ਦੀ ਪਿਆਜ ਦੀ ਪਨੀਰੀ ਪਾਣੀ ਦੀ ਮਾਰ ਹੇਠ ਆ ਗਈ ਹੈ।
ਬੁਢਲਾਡਾ (ਐੱਨ ਪੀ ਸਿੰਘ): ਇਲਾਕੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਸਬਜ਼ੀ ਕਾਸ਼ਤਕਾਰਾਂ ਦੀਆਂ ਹਰੀਆਂ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਮੌਕੇ ਹਾਜ਼ਰ ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਤੇ ਸਤਪਾਲ ਸਿੰਘ ਬਰ੍ਹੇ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਲਾਈ ਗੋਭੀ, ਮਟਰ, ਗਾਜਰਾਂ ਦੀਆਂ ਫ਼ਸਲਾਂ ਮੀਂਹ ਕਾਰਨ ਖਰਾਬ ਹੋ ਗਈਆਂ ਹਨ ਜਿਸ ਕਾਰਨ ਸਬਜ਼ੀ ਕਾਸ਼ਤਕਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਦੂਜੇ ਪਾਸੇ ਸ਼ਹਿਰ ਦੀਆਂ ਨੀਵੀਂਆਂ ਥਾਵਾਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਨਗਰ ਕੌਂਸਲ ਦੇ ਕਾਮਿਆਂ ਵੱਲੋਂ ਇਸ ਮੀਂਹ ਵਿੱਚ ਲਗਾਤਾਰ ਸਫ਼ਾਈ ਦਾ ਕੰਮ ਵੀ ਆਰੰਭਿਆ ਹੋਇਆ ਹੈ।
ਭਦੌੜ (ਰਾਜਿੰਦਰ ਵਰਮਾ): ਇੱਥੇ ਪਿਆ ਭਾਰੀ ਮੀਂਹ ਕਿਸਾਨਾਂ ਲਈ ਆਫ਼ਤ ਬਣ ਕੇ ਆਇਆ ਹੈ ਜਿਸ ਕਾਰਨ ਸੈਂਕੜੇ ਏਕੜ ਕਣਕ, ਆਲੂ ਅਤੇ ਹਰੇ ਚਾਰੇ ਦਾ ਵੱਡਾ ਨੁਕਸਾਨ ਹੋ ਗਿਆ। ਕਿਸਾਨ ਹਰਦਿਆਲ ਸਿੰਘ ਬਿੱਲੂ ਨੇ ਦੱਸਿਆ ਕਿ ਉਸ ਨੇ 67 ਹਜ਼ਾਰ ਰੁਪਏ ’ਚ ਸ਼੍ਰੋਮਣੀ ਕਮੇਟੀ ਤੋਂ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਬੀਤੇ ਕੱਲ੍ਹ ਪਏ ਭਾਰੀ ਮੀਂਹ ਅਤੇ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਨਾਲਾ ਟੁੱਟ ਗਿਆ ਤੇ ਮੁਹੱਲਾ ਮਾਨਾ ਵਾਲੇ ਪਾਸੇ ਦਾ ਸਾਰਾ ਪਾਣੀ ਉਸ ਦੇ ਖੇਤ ਵਿੱਚ ਆ ਗਿਆ ਤੇ ਹੁਣ ਖੇਤ ਵਿੱਚ ਦੋ-ਦੋ ਫੁੱਟ ਪਾਣੀ ਖੜ੍ਹਾ ਹੈ।
ਇਸ ਸਬੰਧੀ ਗੁਰਦਆਰਾ ਸਾਹਿਬ ਦੇ ਮੈਨੇਜਰ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਇਸ ਨਾਲੇ ਦੀ ਸਫ਼ਾਈ ਕਰਵਾਉਣ ਲਈ ਕਿਹਾ ਸੀ, ਪਰ ਪ੍ਰਧਾਨ ਨੇ ਕਥਿਤ ਤੌਰ ’ਤੇ ਕੋਰਾ ਜਵਾਬ ਦਿੰਦਿਆਂ ਕਿਹਾ ਸੀ ਕਿ ‘ਸਫ਼ਾਈ ਨਹੀਂ ਹੁੰਦੀ, ਨਾਲਾ ਬੰਦ ਕਰ ਦਿਓ’। ਉਨ੍ਹਾਂ ਦੱਸਿਆ ਕਿ ਕੌਂਸਲ ਅਤੇ ਸ਼੍ਰੋਮਣੀ ਕਮੇਟੀ ਵਿਚਕਾਰ ਲਿਖਤੀ ਸਮਝੌਤਾ ਹੋਇਆ ਹੈ ਕਿ ਸਮੇਂ-ਸਮੇਂ ’ਤੇ ਨਾਲੇ ਦੀ ਸਫ਼ਾਈ ਕਰਵਾਈ ਜਾਇਆ ਕਰੇਗੀ ਪਰ ਅਫ਼ਸੋਸ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਪਾਰਟੀ ਬਣਾ ਕੇ ਕਣਕ ਦੀ ਭਰਵਾਈ ਲਈ ਕੇਸ ਕੀਤਾ ਜਾਵੇਗਾ।
ਕੌਂਸਲ ਪ੍ਰਧਾਨ ਮੁਨੀਸ਼ ਕੁਮਾਰ ਨੇ ਕਿਹਾ ਕਿ ਮੈਨੇਜਰ ਝੂਠ ਬੋਲ ਰਿਹਾ ਹੈ। ਇਨ੍ਹਾਂ ਦੇ ਮੁਲਾਜ਼ਮ ਉਸ ਪਾਸੋਂ ਲਗਭਗ 1800 ਰੁਪਏ ਦਿਹਾੜੀਆਂ ਦੀ ਲੇਬਰ ਲੈ ਕੇ ਗਏ ਸਨ। ਇੰਜ, ਲਗਭਗ ਇੱਕ ਹਜ਼ਾਰ ਏਕੜ ਆਲੂਆਂ ਦੀ ਫ਼ਸਲ ਮੀਂਹ ਦੇ ਪਾਣੀ ਕਾਰਨ ਡੁੱਬੀ ਹੋਈ ਹੈ।
ਲੋਕ ਖੜ੍ਹੇ ਪਾਣੀ ਵਿੱਚ ਮੰਜੇ ਰੱਖ ਕੇ ਪੱਠੇ ਵੱਢਣ ਲਈ ਮਜਬੂਰ
ਨਿਹਾਲ ਸਿੰਘ ਵਾਲਾ: ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਹਲਕੇ ਵਿੱਚ ਕਈ ਥਾਈਂ ਸਬਜ਼ੀਆਂ ਤੇ ਪੱਠਿਆਂ ਦੇ ਨਾਲ ਆਲੂਆਂ ਤੇ ਕਣਕ ਵੀ ਡੁੱਬ ਗਈ ਹੈ। ਪਸ਼ੂ ਪਾਲਕ ਖੜ੍ਹੇ ਪਾਣੀ ਵਿੱਚ ਮੰਜੇ ਰੱਖ ਕੇ ਹਰਾ ਚਾਰਾ ਤੇ ਪੱਠਿਆਂ ਦੀ ਵਾਢੀ ਲਈ ਮਜਬੂਰ ਹਨ। ਕਿਰਤੀ ਲੋਕਾਂ ਦੇ ਕੰਮ ਖੜ੍ਹ ਗਏ ਹਨ। ਕੱਚੀਆਂ ਛੱਤਾਂ ਚੋ ਰਹੀਆਂ ਹਨ। ਤਿੰਨ ਚਾਰ ਦਿਨ ਦੇ ਮੀਂਹ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਕਿਸਾਨ ਹਰਬੰਸ ਸਿੰਮ ਧਿੱਲੋਂ, ਭੋਲਾ ਸਿੰਘ ਸਿੱਧੂ, ਮਾਸਟਰ ਜਗਦੇਵ ਸਿੰਘ ਸੌਂਧ ਅਤੇ ਸਤਿੰਦਰਜੀਤ ਪਲਤਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਵੇਖਣ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। – ਪੱਤਰ ਪ੍ਰੇਰਕ