ਪੱਤਰ ਪ੍ਰੇਰਕ
ਮਾਨਸਾ, 2 ਅਕਤੂਬਰ
ਮਾਨਸਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਵਿੱਚ ਵਿਗੜੀ ਅਮਨ ਕਾਨੂੰਨ ਵਿਵਸਥਾ, ਬੰਦ ਪਈਆਂ ਰਜਿਸਟਰੀਆਂ, ਲਾਵਾਰਿਸ ਪਸ਼ੂਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਲਾ ਹੋਣ ਅਤੇ ਕੂੜੇ ਦੀ ਸਮੱਸਿਆ ਹੱਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਅੱਜ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਦੀ ਕਥਿਤ ਸੁਸਤੀ ਖ਼ਿਲਾਫ਼ ਮੀਟਿੰਗ ਕਰਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਮੀਟਿੰਗ ਵਿੱਚ ਵਪਾਰ ਮੰਡਲ, ਕਰਿਆਨਾ ਐਸੋਸੀਏਸ਼ਨ, ਸੰਵਿਧਾਨ ਬਚਾਓ ਮੰਚ, ਮੈਡੀਕਲ ਪ੍ਰੈਕਟੀਸਨਰਜ਼ ਐਸ਼ੋਸੀਏਸ਼ਨ, ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਸਮੇਤ ਹੋਰ ਸੰਸਥਾਵਾਂ ਦੇ ਨੁਮਾਇਦੇ ਸ਼ਾਮਲ ਹੋਏ। ਇਨ੍ਹਾਂ ਸੰਸਥਾਵਾਂ ਨੇ 3 ਅਕਤੂਬਰ ਨੂੰ ਸ਼ਹਿਰੀਆਂ ਦਾ ਵਿਸ਼ੇਸ਼ ਇਕੱਠ ਸੱਦਿਆ ਹੈ।
ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਵਿਗੜੀ ਹੋਈ ਹੈ, ਜਿਸ ਕਾਰਨ ਸ਼ਹਿਰ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਠੋਸ ਕਾਰਵਾਈ ਨਹੀਂ ਕਰ ਰਹੀ ਹੈ ਅਤੇ ਇਨ੍ਹਾਂ ਘਟਨਾਵਾਂ ਵਿੱਚ ਠੱਲ੍ਹ ਨਹੀਂ ਪੈ ਰਿਹਾ।
ਇਸੇ ਦੌਰਾਨ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਮਾਨਸਾ ਵਿੱਚ ਰਜਿਸਟਰੀਆਂ ਦਾ ਕੰਮ ਪ੍ਰਸ਼ਾਸਨ ਨੇ ਐੱਨ.ਓ.ਸੀ. ਦਾ ਬਾਹਨਾ ਬਣਾ ਕੇ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇ। ਇਸ ਮੌਕੇ ਸੁਰੇਸ਼ ਨੰਦਗੜ੍ਹੀਆਂ, ਕਾਮਰੇਡ ਕ੍ਰਿਸ਼ਨ ਚੌਹਾਨ, ਡਾ. ਧੰਨਾ ਮੱਲ ਗੋਇਲ, ਮਨਜੀਤ ਸਿੰਘ ਸੰਦੋਉੜਾ ਤੇ ਬਲਜੀਤ ਸ਼ਰਮਾ ਨੇ ਵੀ ਸੰਬੋਧਨ ਕੀਤਾ।
ਸੀਵਰੇਜ ਪ੍ਰਬੰਧ ਦੀ ਵਿਗੜੀ ਵਿਵਸਥਾ ਕਾਰਨ ਦਿੱਕਤਾਂ
ਨਗਰ ਕੌਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਪ੍ਰਬੰਧ ਦੀ ਵਿਗੜੀ ਹੋਈ ਵਿਵਸਥਾ ਕਾਰਨ ਮਾਨਸਾ ਸ਼ਹਿਰ ਦੇ ਹਰ ਕੋਨੇ ਵਿੱਚ ਗੰਦਾ ਪਾਣੀ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਆਉਣ-ਜਾਣ ਦੇ ਸਾਰੇ ਰਸਤੇ ਬੰਦ ਹਨ। ਉਨ੍ਹਾਂ ਕਿਹਾ ਕਿ ਭਾਈ ਗੁਰਦਾਸ ਵਾਲੇ ਡੋਬੇ ਦੇ ਲੱਗੇ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਅੰਡਰਬਰਿੱਜ ਵਿੱਚ ਜਮ੍ਹਾਂ ਪਾਣੀ ਨੂੰ ਕੱਢਣ ਵਿੱਚ ਮਾਨਸਾ ਪ੍ਰਸ਼ਾਸਨ ਕਥਿਤ ਤੌਰ ’ਤੇ ਨਾਕਾਮ ਹੈ।