ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਾਰਚ
ਮਾਨਸਾ ਨੇੜਲੇ ਪਿੰਡ ਖਿੱਲਣ ਵਿਖੇ 6 ਮਾਰਚ ਦੀ ਰਾਤ ਨੂੰ ਹੋਏ ਕਤਲ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ,ਜਿਸ ਵਿੱਚ ਪੁਲੀਸ ਨੇ ਕਾਤਲ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਵੱਲੋਂ ਵਾਰਦਾਤ ਵਿੱਚ ਵਰਤੀ ਗਈ ਕਹੀ ਅਤੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਕਰ ਲਏ ਹਨ। ਇਹ ਕਤਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਇੱਕ ਵੱਛੀ ਨਾਲ ਗੈਰ-ਮਨੁੱਖੀ ਕਾਰਾ ਕਰਨ ਦੇ ਮਾਮਲੇ ਦੀ ਪੈਰਵੀ ਕਰਨ ਵਾਲੇ ਵਿਅਕਤੀ ’ਤੇ ਖਾਰ ਖਾਂਦਿਆਂ ਕੀਤਾ ਗਿਆ ਹੈ। ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦੋਂ ਪਰਿਵਾਰ ਦੇ ਸਾਰੇ ਮੈਂਬਰ ਕਿਸੇ ਵਿਆਹ ਸਮਾਗਮ (ਜਾਗੋ) ’ਚ ਪਿੰਡ ਵਿੱਚ ਹੀ ਗਏ ਹੋਏ ਸਨ ਅਤੇ ਜਦੋਂ ਉਹ ਰਾਤ ਵੇਲੇ ਘਰ ਵਾਪਸ ਆਏ ਤਾਂ ਜਸਦੇਵ ਸਿੰਘ (60) ਦੀ ਲਾਸ਼ ਘਰ ਵਿੱਚੋਂ ਬਰਾਮਦ ਹੋਈ। ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਮੁਲਜ਼ਮ ਗੁਰਸੇਵਕ ਸਿੰਘ ਉਰਫ਼ ਸੇਵਕ ਵਾਸੀ ਖਿੱਲਣ ਨੂੰ ਗਿ੍ਰਫ਼ਤਾਰ ਕੀਤਾ ਹੈ। ਉਸ ਦਾ ਅਦਾਲਤ ਵਿੱਚੋਂ ਪੁਲੀਸ ਰਿਮਾਂਡ ਹਾਸਲ ਕਰਕੇ ਉਸ ਵੱਲੋਂ ਵਾਰਦਾਤ ਵਿੱਚ ਵਰਤਿਆ ਗਿਆ ਸਮਾਨ ਤੇ ਕੱਪੜੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮੁਲਜ਼ਮ ਅਪਰਾਧੀ ਹੈ, ਜਿਸ ਦੇ ਖਿਲਾਫ ਚੋਰੀ, ਲੜਾਈ, ਝਗੜੇ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਿਮ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।