ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਅਗਸਤ
ਬੀਤੀ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਬਾਹਰ ਦੇ ਜ਼ਿਲ੍ਹੇ ਦੀ ਪੁਲੀਸ ਵੱਲੋਂ ਛਾਪਾ ਮਾਰਿਆ ਗਿਆ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੰਡ ਚੀਮਾ ਦੇ ਬੱਸ ਅੱਡੇ ਦੇ ਨਜਦੀਕ ਖੇਤਾਂ ਵਿੱਚ ਮਾਨਸਾ ਜ਼ਿਲ੍ਹੇ ਦੀ ਪੁਲੀਸ ਵੱਲੋਂ ਖੁਦਾਈ ਕੀਤੀ ਗਈ। ਪੁਲੀਸ ਵੱਲੋਂ ਇਹ ਖੁਦਾਈ ਹੱਥਕੜੀਆਂ ਵਿੱਚ ਜਕੜੇ ਇੱਕ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਸੀ। ਕਰੀਬ ਇੱਕ ਘੰਟਾ ਚੱਲੇ ਇਸ ਘਟਨਾਕ੍ਰਮ ਦੌਰਾਨ ਸ਼ੁਰੂ ਵਿੱਚ ਪੁਲੀਸ ਵੱਲੋਂ ਕਿਹਾ ਗਿਆ ਕਿ ਉਹ ਮੁਲਜ਼ਮ ਵੱਲੋਂ ਦੱਬੇ ਅਸਲੇ ਨੂੰ ਕੱਢਣ ਆਏ ਹਨ, ਜਦੋਂਕਿ ਕੁਝ ਸਮੇਂ ਬਾਅਦ ਪੁਲੀਸ ਨੇ ਬਿਆਨ ਬਦਲਦਿਆਂ ਕਿਹਾ ਕਿ ਉਹ ਮੁਲਜ਼ਮ ਵਲੋਂ ਦੱਬੇ ਸੋਨੇ ਨੂੰ ਕੱਢਣ ਆਏ ਹਨ। ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਪੁਲੀਸ ਮਾਨਸਾ ਦੇ ਕਿਸ ਥਾਣੇ ਦੀ ਹੈ ਅਤੇ ਕਿਸ ਕੇਸ ਵਿੱਚ ਪਿੰਡ ਚੀਮਾ ਪਹੁੰਚੀ ਹੈ। ਪਿੰਡ ਚੀਮਾ ਥਾਣਾ ਸਦਰ ਬਰਨਾਲਾ ਅਤੇ ਪੁਲੀਸ ਚੌਕੀ ਪੱਖੋ ਕੈਂਚੀਆਂ ਅਧੀਨ ਆਉਂਦਾ ਹੈ, ਪਰ ਬਾਹਰੀ ਪੁਲੀਸ ਵੱਲੋਂ ਚੱਲੇ ਇੱਕ ਘੰਟਾ ਘਟਨਾਕ੍ਰਮ ਦੀ ਲੋਕਲ ਪੁਲੀਸ ਨੂੰ ਕੋਈ ਭਿਣਕ ਨਹੀਂ ਲੱਗੀ। ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐੱਸਐੱਚਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਹਮਲਾ ਕਰਨ ਦੇ ਦੋਸ਼ਾਂ ’ਚ ਅੱਠ ਵਿਅਕਤੀਆਂ ਨੂੰ ਕੈਦ
ਫ਼ਰੀਦਕੋਟ (ਨਿਜੀ ਪੱਤਰ ਪ੍ਰੇਰਕ) ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਅੱਜ ਆਪਣੇ ਇੱਕ ਫੈਸਲੇ ਵਿੱਚ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਵਿੱਚ ਅੱਠ ਵਿਅਕਤੀਆਂ ਨੂੰ 5-5 ਸਾਲ ਦੀ ਕੈਦ ਦਾ ਹੁਕਮ ਸੁਣਾਇਆ ਹੈ। ਸਦਰ ਪੁਲੀਸ ਫਰੀਦਕੋਟ ਨੇ ਮਈ 2018 ਵਿੱਚ ਨਛੱਤਰ ਸਿੰਘ ਵਾਸੀ ਘੁਗਿਆਣਾ ਦੀ ਸ਼ਿਕਾਇਤ ਦੇ ਆਧਾਰ ’ਤੇ 16 ਵਿਅਕਤੀਆਂ ਖ਼ਿਲਾਫ਼ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਵਾਇਆ ਸੀ। ਨਛੱਤਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਸਿਕੰਦਰ ਸਿੰਘ, ਮੰਗਤ ਸਿੰਘ, ਮੰਦਰ ਸਿੰਘ, ਹਰਭਗਵਾਨ ਸਿੰਘ, ਹਰਜਿੰਦਰ ਸਿੰਘ, ਲਖਵੀਰ ਸਿੰਘ, ਕੁਲਵਿੰਦਰ ਕੌਰ, ਅਮਰਜੀਤ ਕੌਰ, ਪਰਵਿੰਦਰ ਕੌਰ, ਬਲਦੇਵ ਕੌਰ, ਲੱਖਾ ਸਿੰਘ, ਜਸਪ੍ਰੀਤ ਕੌਰ, ਦੀਦਾਰ ਸਿੰਘ, ਹਾਕਮ ਸਿੰਘ, ਚਰਨਜੀਤ ਸਿੰਘ ਤੇ ਬਲਕਾਰ ਸਿੰਘ ਨੇ ਹਮਮਸ਼ਵਰਾ ਹੋ ਕੇ ਗੁਰਸੇਵਕ ਸਿੰਘ, ਪ੍ਰਿੰਸ ਸਿੰਘ, ਅੰਗਰੇਜ਼ ਕੌਰ, ਜਸਬੀਰ ਸਿੰਘ ਤੇ ਮਨਪ੍ਰੀਤ ਸਿੰਘ ਸੱਟਾਂ ਮਾਰੀਆਂ। ਇਸ ਮਾਮਲੇ ਵਿੱਚ ਅੱਜ ਅਦਾਲਤ ਨੇ ਹਰਜਿੰਦਰ ਸਿੰਘ, ਕੁਲਵਿੰਦਰ ਕੌਰ, ਅਮਰਜੀਤ ਕੌਰ, ਪਰਵਿੰਦਰ ਸਿੰਘ, ਬਲਦੇਵ ਕੌਰ, ਜਸਪ੍ਰੀਤ ਕੌਰ ਤੇ ਲੱਖਾ ਸਿੰਘ ਨੂੰ ਬਰੀ ਕਰਨ ਦਾ ਹੁਕਮ ਦਿੱਤਾ ਜਦੋਂਕਿ ਅੱਠ ਮੁਲਜ਼ਮਾਂ ਨੂੰ ਇਹ ਸਜ਼ਾ ਦਾ ਹੁਕਮ ਸੁਣਾਇਆ।
ਨਸ਼ੀਲੀਆਂ ਗੋਲੀਆਂ ਸਣੇ ਮੁਲਜ਼ਮ ਕਾਬੂ
ਫਾਜ਼ਿਲਕਾ (ਨਿਜੀ ਪੱਤਰ ਪ੍ਰੇਰਕ) ਪੁਲੀਸ ਨੇ 240 ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਬੀਤੇ ਦਿਨ ਪੁਲੀਸ ਪਾਰਟੀ ਦੇ ਨਾਲ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਪਿੰਡ ਹੀਰਾਂ ਵਾਲੀ ਤੋਂ ਪਿੰਡ ਕਬੂਲ ਸ਼ਾਹ ਨੂੰ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਪੁਲ ਸੇਮਨਾਲਾ ਬਾਹਦ ਰਕਬਾ ਕਬੂਲ ਸ਼ਾਹ ਖੁੱਬਣ ਪਹੁੰਚੀ ਤਾਂ ਨੌਜਵਾਨ ਜਰਨੈਲ ਸਿੰਘ ਵਾਸੀ ਪਿੰਡ ਕਬੂਲਸ਼ਾਹ ਖੁੱਬਣ ਆਪਣੇ ਸੱਜੇ ਹੱਥ ’ਚ ਮੋਮੀ ਲਿਫਾਫ਼ਾ ਫੜ੍ਹਿਆ ਪੈਦਲ ਆਉਂਦਾ ਵਿਖਾਈ ਦਿੱਤਾ। ਜੋ ਪੁਲੀਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਿਆ ਤਾਂ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੇ ਸਮੇਤ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕੀਤਾ ਤੇ ਉਸ ਵੱਲੋਂ ਸੁੱਟੇ ਲਿਫਾਫ਼ੇ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ’ਚ 240 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।