ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਾਰਚ
ਪੰਜਾਬ ਵਿਧਾਨ ਸਭਾ ਚੋਣਾਂ ਦੀ ਵੋਟ ਪ੍ਰਤੀਸ਼ਤਤਾ ਵਿੱਚ ਪਹਿਲਾਂ ਨੰਬਰ ਲੈਣ ਵਾਲੇ ਜ਼ਿਲ੍ਹਾ ਮਾਨਸਾ ਨੇ ਪੋਲਿੰਗ ਸਟਾਫ਼ ਅਤੇ ਸਰਵਿਸਜ਼ ਮੁਲਾਜ਼ਮਾਂ ਨੂੰ ਜਾਰੀ ਹੋਏ ਪੋਸਟਲ ਬੈਲੇਟ ਪੇਪਰਾਂ ਵਿੱਚੋਂ ਵੋਟ ਭਗਤਾਉਣ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ, ਪਰ ਇਸ ਦੇ ਬਾਵਜੂਦ ਅੱਧੇ ਤੋਂ ਵੱਧ ਪੋਸਟਲ ਬੈਲੇਟ ਪੇਪਰ ਅਜੇ ਵੀ ਵਾਪਸ ਨਹੀਂ ਆਏ। ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਭੁਗਤਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵਾਲੇ ਬੈਲੇਟ ਪੇਪਰਾਂ ਦੀ ਅਜੇ ਵੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਉਡੀਕ ਹੈ।
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪੋਸਟਲ ਬੈਲੇਟ ਪੇਪਰਾਂ ਦੀ ਵੋਟਾਂ ਦੀ ਗਿਣਤੀ ਵਿੱਚ ਕਾਫੀ ਮਹੱਤਤਾ ਹੁੰਦੀ ਹੈ, ਇਕ ਵਾਰ 2002 ਵਿੱਚ ਮਾਨਸਾ ਹਲਕੇ ਤੋਂ ਜਿੱਤ-ਹਾਰ ਦਾ ਫੈਸਲਾ ਇਨ੍ਹਾਂ ਵੋਟਾਂ ਆਸਰੇ ਹੀ ਹੋਇਆ ਸੀ, ਇੱਥੇ ਸਾਬਕਾ ਮੰਤਰੀ ਮਰਹੂਮ ਸ਼ੇਰ ਸਿੰਘ ਗਾਗੋਵਾਲ, ਇਨ੍ਹਾਂ ਵੋਟਾਂ ਆਸਰੇ ਚੋਣ ਜਿੱਤ ਗਏ ਸਨ ਜਦਕਿ ਪਹਿਲਾਂ ਗਿਣਤੀ ਮੁਤਾਬਕ ਉਹ ਚੋਣ ਹਾਰਦੇ ਚੱਲੇ ਆ ਰਹੇ ਸਨ।
ਇਸ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 8089 ਪੋਸਟਲ ਬੈਲੇਟ ਪੇਪਰ ਡਿਊਟੀ ਦੇ ਰਹੇ ਮੁਲਾਜ਼ਮਾਂ ਅਤੇ ਸਰਵਿਸਜ਼ ਮੁਲਾਜ਼ਮਾਂ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਕੱਲ੍ਹ ਤੱਕ 3094 ਬੈਲੇਟ ਪੇਪਰ ਪ੍ਰਾਪਤ ਹੋਏ ਹਨ ਜਦਕਿ 4995 ਬੈਲੇਟ ਪੇਪਰ ਅਜੇ ਤੱਕ ਆਏ ਹੀ ਨਹੀਂ।
ਜ਼ਿਲ੍ਹਾ ਮਾਨਸਾ ਹਲਕੇ ਦੇ 925 ਸਰਵਿਸਜ਼ ਵੋਟਰ (ਫ਼ੌਜੀ ਵਗੈਰਾ) ਸਨ ਅਤੇ 1814 ਪੋਲਿੰਗ ਸਟਾਫ਼ ਅਤੇ ਪੁਲੀਸ ਪ੍ਰਸੋਨਲ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ 825 ਵੋਟਾਂ ਦਾ ਭੁਗਤਾਨ ਹੋ ਚੁੱਕਿਆ ਹੈ। ਸਰਦੂਲਗੜ੍ਹ ਹਲਕੇ ’ਚੋਂ 1127 ਸਰਵਿਸਜ਼ ਵੋਟਰ ਅਤੇ 887 ਪੋਲਿੰਗ ਅਤੇ ਪੁਲੀਸ ਸਟਾਫ਼ ਵਾਲਿਆਂ ਦੀਆਂ ਵੋਟਾਂ ਸਨ, ਜਿਨ੍ਹਾਂ ਵਿੱਚੋਂ ਕੁੱਲ 3188 ’ਚੋਂ 1317 ਦੀਆਂ ਵੋਟਾਂ ਪੋਲ ਹੋ ਚੁੱਕੀਆਂ ਹਨ। ਦੂਜੇ ਪਾਸੇ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ 1308 ਸਰਵਿਸਜ਼ ਵੋਟਰ ਅਤੇ 1804 ਪੋਲਿੰਗ ਸਟਾਫ਼ ਅਤੇ ਪੁਲੀਸ ਵਾਲਿਆਂ ਦੀਆਂ ਵੋਟਾਂ ਸਨ, ਜਿਨ੍ਹਾਂ ਵਿੱਚੋਂ 902 ਵੋਟਾਂ ਸਰਕਾਰੀ ਰਿਕਾਰਡ ਅਨੁਸਾਰ ਭੁਗਤ ਚੁੱਕੀਆਂ ਹਨ।
ਭਲਕ ਤੱਕ ਰਹਿੰਦੇ ਬੈਲੇਟ ਪੇਪਰ ਵਾਪਸ ਆਉਣ ਦੀ ਉਮੀਦ: ਅਧਿਕਾਰੀ
ਜ਼ਿਲ੍ਹਾ ਚੋਣ ਅਫ਼ਸਰ ਮਹਿੰਦਰ ਪਾਲ ਨੇ ਦੱਸਿਆ ਕਿ ਅਜਿਹੇ ਵੋਟਰਾਂ ਨੂੰ ਉਮੀਦਵਾਰਾਂ ਦੀ ਨਾਂ ਵਾਪਸੀ ਵਾਲੇ ਦਿਨ ਹੀ ਬਾਕਾਇਦਾ ਬੈਲੇਟ ਪੇਪਰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫ਼ੌਜੀਆਂ ਅਤੇ ਹੋਰਾਂ ਦੀ ਵਾਪਸੀ ਵੋਟ ਆ ਚੁੱਕੀ ਹੈ, ਜਦੋਂਕਿ ਪੋਲਿੰਗ ਅਤੇ ਪੁਲੀਸ ਸਟਾਫ਼ ਦੀਆਂ ਵੀ ਪੰਜਾਬ ਭਰ ’ਚੋਂ ਸਭ ਤੋਂ ਵੱਧ ਵੋਟਾਂ ਮਾਨਸਾ ਵਿੱਚ ਭੁਗਤਣ ਦਾ ਇੱਕ ਰਿਕਾਰਡ ਹੈ, ਪਰ ਕੁਝ ਕੁ ਬੈਲਟ ਪੇਪਰ ਅਜੇ ਵਾਪਸ ਨਾ ਆਉਣ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਅਤੇ ਭਲਕ ਤੱਕ ਰਹਿੰਦੇ ਬੈਲੇਟ ਪੇਪਰ ਵੀ ਵਾਪਸ ਆਉਣ ਦੀ ਵੱਡੀ ਉਮੀਦ ਹੈ।